ਲੁਧਿਆਣਾ : ਸੀ ਬੀ ਆਈ ਵੱਲੋਂ ਭਿ੍ਸ਼ਟਾਚਾਰ ਮਾਮਲੇ ਵਿਚ ਗਿ੍ਫ਼ਤਾਰੀ ਮਗਰੋਂ ਮੁਅੱਤਲ ਕੀਤੇ ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਸਮਰਾਲਾ ਪੁਲਸ ਨੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ | ਸੀ ਬੀ ਆਈ ਨੇ ਲੰਘੇ ਦਿਨੀਂ ਸਮਰਾਲਾ ਦੇ ਪਿੰਡ ਬੌਂਦਲੀ ਵਿਚਲੇ ਭੁੱਲਰ ਦੇ ਫਾਰਮ ਹਾਊਸ ‘ਤੇ ਮਾਰੇ ਛਾਪੇ ਦੌਰਾਨ ਉਥੋਂ ਸ਼ਰਾਬ ਦੀਆਂ 108 ਬੋਤਲਾਂ ਬਰਾਮਦ ਕੀਤੀਆਂ ਸਨ | ਸਮਰਾਲਾ ਦੇ ਡੀ ਐੱਸ ਪੀ ਤਰਲੋਚਨ ਸਿੰਘ ਨੇ ਪੁਲਸ ਵੱਲੋਂ ਸਨਿੱਚਰਵਾਰ ਨੂੰ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ | ਸਮਰਾਲਾ ਪੁਲਸ ਥਾਣੇ ਵਿਚ ਸੀ ਬੀ ਆਈ ਇੰਸਪੈਕਟਰ ਰੋਮੀਪਾਲ ਦੇ ਬਿਆਨਾਂ ‘ਤੇ ਦਰਜ ਐੱਫ ਆਈ ਆਰ ਵਿਚ ਆਬਕਾਰੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਹਨ | ਪੁਲਸ ਨੇ ਫਾਰਮ ਹਾਊਸ ‘ਤੇ ਛਾਪੇ ਦੌਰਾਨ ਸ਼ਰਾਬ ਦੀਆਂ 108 ਬੋਤਲਾਂ ਤੋਂ ਇਲਾਵਾ 17 ਕਾਰਤੂਸ ਵੀ ਬਰਾਮਦ ਕੀਤੇ ਸਨ | ਹਾਲਾਂ ਕਿ ਐੱਫ ਆਈ ਆਰ ਵਿਚ ਆਰਮਜ਼ ਐਕਟ ਤਹਿਤ ਦੋਸ਼ ਸ਼ਾਮਲ ਨਹੀਂ ਕੀਤੇ ਗਏ, ਕਿਉਂਕਿ ਪੁਲਸ ਨੇ ਅਜੇ ਤਸਦੀਕ ਕਰਨੀ ਹੈ ਕਿ ਕੀ ਇਹ ਕਾਰਤੂਸ ਕਿਸੇ ਲਾਇਸੈਂਸਸ਼ੁਦਾ ਹਥਿਆਰ ਦੇ ਹਨ ਜਾਂ ਨਹੀਂ |





