ਲਾਹੌਰ : ਪਾਕਿਸਤਾਨ ਦੇ ਸ਼ਹਿਰ ਲਾਹੌਰ ਨੂੰ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ | ਇੱਥੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏ ਕਿਊ ਆਈ) 394 ਤੱਕ ਪਹੁੰਚ ਗਿਆ ਹੈ | ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸਮੌਗ ਦਾ ਪ੍ਰਭਾਵ ਘਟਾਉਣ ਲਈ ਨਕਲੀ ਮੀਂਹ ਦੀ ਯੋਜਨਾ ਬਣਾਈ ਹੈ | 100 ਤੋਂ ਉਪਰ ਏ ਕਿਊ ਆਈ ਨੂੰ ਸਿਹਤ ਲਈ ਖ਼ਤਰਨਾਕ ਅਤੇ 150 ਤੋਂ ਉਪਰ ਏ ਕਿਊ ਆਈ ਨੂੰ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਹੈ | ਜਾਣਕਾਰੀ ਅਨੁਸਾਰ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਅਤੇ ਉਦਯੋਗਿਕ ਨਿਕਾਸ ਕਾਰਨ ਹਵਾ ਪ੍ਰਦੂਸ਼ਣ ਦੀ ਸਮੱਸਿਆ ਵਿੱਚ ਵਾਧਾ ਹੋਇਆ ਹੈ | ਸਮੌਗ ਕਾਰਨ ਸ਼ਹਿਰ ਵਾਸੀਆਂ ਨੂੰ ਖੰਘ, ਸਾਹ ਲੈਣ ਵਿੱਚ ਤਕਲੀਫ਼, ਅੱਖਾਂ ਵਿੱਚ ਜਲਣ ਅਤੇ ਚਮੜੀ ਦੇ ਰੋਗਾਂ ਸਮੇਤ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਪੰਜਾਬ ਦੀ ਸੂਚਨਾ ਮੰਤਰੀ ਆਜ਼ਮਾ ਬੁਖਾਰੀ ਨੇ ਕਿਹਾ ਕਿ ਸਮੱਸਿਆ ਨਾਲ ਨਜਿੱਠਣ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਅਤੇ ਹੁਣ ਸ਼ਹਿਰ ਵਿੱਚ ਨਕਲੀ ਮੀਂਹ ਦੀ ਯੋਜਨਾ ਬਣਾਈ ਗਈ ਹੈ |



