ਕਾਫੀ ਕੁਝ ਹੋਇਆ, ਪਰ ਕਾਫੀ ਕੁਝ ਰਹਿੰਦਾ

0
115

ਨਵੀਂ ਦਿੱਲੀ : ਦੁਨੀਆ ਪਿਛਲੇ ਤਿੰਨ ਦਹਾਕਿਆਂ ਵਿੱਚ ਸਿੱਖਿਆ ‘ਚ ਲਿੰਗਕ ਬਰਾਬਰੀ ਦੇ ਕਰੀਬ ਪਹੁੰਚੀ ਹੈ, ਪਰ ਅਜੇ ਵੀ ਘੱਟੋ-ਘੱਟ 13 ਕਰੋੜ 30 ਲੱਖ ਕੁੜੀਆਂ ਸਕੂਲ ਜਾਣ ਤੋਂ ਮਹਿਰੂਮ ਹਨ | 1995 ਵਿੱਚ ਬੀਜਿੰਗ ਐਲਾਨਨਾਮੇ ਤੋਂ ਬਾਅਦ ਕੁੜੀਆਂ ਦੀ ਸਿੱਖਿਆ ਲਈ ਕਾਫੀ ਕੰਮ ਹੋਏ ਹਨ, ਪਰ ਯੂਨੈਸਕੋ ਦੀ ਗਲੋਬਲ ਐਜੂਕੇਸ਼ਨ ਮਾਨੀਟਰਿੰਗ (ਜੈੱਮ) ਟੀਮ ਦੀ ਨਵੀਂ ਰਿਪੋਰਟ ਮੁਤਾਬਕ ਅਜੇ ਵੀ ਕਾਫੀ ਕੁਝ ਅਧੂਰਾ ਹੈ | 1995 ਤੋਂ ਲੈ ਕੇ ਹੁਣ ਤੱਕ ਪ੍ਰਾਇਮਰੀ ਤੋਂ ਸੈਕੰਡਰੀ ਪੱਧਰ ਤੱਕ ਕੁੜੀਆਂ ਦੇ ਦਾਖਲੇ ਮੁੰਡਿਆਂ ਦੇ ਲਗਭਗ ਬਰਾਬਰ ਹੀ ਹਨ | ਉਦੋਂ ਤੋਂ ਦੁਨੀਆ ਪੱਧਰ ‘ਤੇ ਪ੍ਰਾਇਮਰੀ ਸਕੂਲਾਂ ਵਿੱਚ 9 ਕਰੋੜ 10 ਲੱਖ ਅਤੇ ਸੈਕੰਡਰੀ ਸਕੂਲਾਂ ਵਿੱਚ 13 ਕਰੋੜ 60 ਲੱਖ ਕੁੜੀਆਂ ਦੇ ਵੱਧ ਦਾਖਲੇ ਹੋਏ ਹਨ | ਰਿਪੋਰਟ ਮੁਤਾਬਕ ਕੇਂਦਰੀ ਤੇ ਦੱਖਣੀ ਏਸ਼ੀਆ ਵਿੱਚ ਸੈਕੰਡਰੀ ਪੱਧਰ ਤੱਕ ਕੁੜੀਆਂ ਮੁੰਡਿਆਂ ਦੇ ਬਰਾਬਰ ਹੋ ਗਈਆਂ ਹਨ, ਪਰ ਸਬ-ਸਹਾਰਾ ਅਫਰੀਕਾ ਵਿੱਚ ਪਿੱਛੇ ਹੀ ਹਨ | ਊਸ਼ੀਨੀਆ ਵਿੱਚ ਪਹਿਲਾਂ ਬਰਾਬਰ ਸਨ, ਪਰ ਹੁਣ ਪਿੱਛੇ ਹੋ ਗਈਆਂ ਹਨ |
ਲਾਤੀਨੀ ਅਮਰੀਕਾ ਤੇ ਕੈਰੀਬਿਅਨ ਵਿੱਚ ਸੈਕੰਡਰੀ ਪੱਧਰ ‘ਤੇ ਮੁੰਡੇ ਕੁੜੀਆਂ ਨਾਲੋਂ ਪਿੱਛੇ ਹਨ | ਗਿਨੀਆ ਤੇ ਮਾਲੀ ਵਿੱਚ ਗਰੀਬ ਨੌਜਵਾਨ ਕੁੜੀਆਂ ਸਕੂਲਾਂ ਵਿੱਚ ਨਜ਼ਰ ਨਹੀਂ ਆਉਂਦੀਆਂ | ਰਿਪੋਰਟ ਨੇ ਇਹ ਤੱਥ ਵੀ ਸਾਹਮਣੇ ਲਿਆਂਦਾ ਹੈ ਕਿ ਉੱਚ ਸਿੱਖਿਆ ਵਿੱਚ ਅਧਿਆਪਕਾਵਾਂ ਦੀ ਗਿਣਤੀ ਸਿਰਫ 30 ਫੀਸਦੀ ਹੈ | ਇਸ ਨਾਲ ਕੁੜੀਆਂ ਨੂੰ ਬਰਾਬਰੀ ‘ਤੇ ਲਿਆਉਣ ‘ਚ ਮੁਸ਼ਕਲ ਆ ਰਹੀ ਹੈ |