ਸੰਗਰੂਰ (ਗਿਆਨ ਸੈਦਪੁਰੀ/ਪ੍ਰਵੀਨ ਸਿੰਘ)
ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਅਤੇ ਭਖਦੀਆਂ ਹੋਰ ਮੰਗਾਂ ਮਨਵਾਉਣ ਲਈ ਪੰਜਾਬ ਭਰ ਦੀਆਂ ਸੰਘਰਸ਼ਸ਼ੀਲ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮਜ਼ਦੂਰ ਮੋਰਚਾ ਮੁੱਖ ਮੰਤਰੀ ਦੇ ਘਰ ਅੱਗੇ ਮੰਗਲਵਾਰ ਲਗਾਤਾਰ ਦੂਜੇ ਦਿਨ ਵੀ ਦਿਨ-ਰਾਤ ਜਾਰੀ ਰਿਹਾ।ਮਾਨ ਸਰਕਾਰ ਵੱਲੋਂ ਬੇਜ਼ਮੀਨੇ ਮਜ਼ਦੂਰਾਂ ਪ੍ਰਤੀ ਅਪਣਾਏ ਮਜ਼ਦੂਰ ਵਿਰੋਧੀ ਰਵੱਈਏ ਖਿਲਾਫ ਸੰਕੇਤਕ ਤੌਰ ’ਤੇ ਮੁੱਖ ਮੰਤਰੀ ਦੇ ਘਰ ਨੂੰ ਜਾਂਦੇ ਮੁੱਖ ਦੁਆਰ ਨੂੰ ਘੇਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਜਿਸ ਦੇ ਚਲਦਿਆਂ ਇੱਕ ਵਾਰ ਸਥਿਤੀ ਤਣਾਅਪੂਰਨ ਬਣ ਗਈ। ਇਸ ਉਪਰੰਤ ਪ੍ਰਸ਼ਾਸਨ ਦੇ ਸਿਵਲ ਤੇ ਪੁਲਸ ਦੇ ਸੀਨੀਅਰ ਅਧਿਕਾਰੀ ਹਰਕਤ ਵਿੱਚ ਆ ਗਏ ਅਤੇ ਉਨ੍ਹਾਂ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਕਾਤਾਂ ਦਾ ਸਿਲਸਿਲਾ ਆਰੰਭ ਦਿੱਤਾ। ਖਬਰ ਲਿਖੇ ਜਾਣ ਤੱਕ ਏ ਡੀ ਸੀ ਦੇਵਦਰਸ਼ਦੀਪ ਸਿੰਘ ਤੇ ਐੱਸ ਡੀ ਐੱਮ ਵੱਲੋਂ ਮਜ਼ਦੂਰ ਆਗੂਆਂ ਨਾਲ ਗੱਲਬਾਤ ਜਾਰੀ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਐਲਾਨ ਕੀਤਾ ਗਿਆ ਕਿ ਜੇਕਰ ਅਜੇ ਵੀ ਸਰਕਾਰ ਦੀ ਜਾਗ ਨਾ ਖੁੱਲੀ ਤਾਂ ਕੱਲ੍ਹ ਨੂੰ ਇਸ ਤੋਂ ਵੀ ਤਿੱਖਾ ਐਕਸ਼ਨ ਕੀਤਾ ਜਾਵੇਗਾ।
ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਮੋਰਚੇ ਦੇ ਆਗੂ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਵਿੱਤ ਸਕੱਤਰ ਮੱਖਣ ਸਿੰਘ ਰਾਮਗੜ੍ਹ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਮਹੀਨੇ ਭਰ ਤੋਂ ਅਖਬਾਰਾਂ ਰਾਹੀਂ ਪ੍ਰਚਾਰ-ਪ੍ਰਸਾਰ ਕਰਕੇ ਅਤੇ ਮੰਗ ਪੱਤਰ ਭੇਜ ਕੇ 12 ਤੋਂ 14 ਸਤੰਬਰ ਤੱਕ ਮੁੱਖ ਮੰਤਰੀ ਦੇ ਘਰ ਅੱਗੇ ਮੋਰਚਾ ਲਗਾਉਣ ਦੇ ਐਲਾਨ ਕੀਤਾ ਗਿਆ ਸੀ, ਜਿਸ ਨੂੰ ਅੱਖੋਂ-ਪਰੋਖੇ ਕਰਕੇ ਮੌਜੂਦਾ ਮੁੱਖ ਮੰਤਰੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਥਾਂ ਜਰਮਨ ਵਰਗੇ ਸਾਮਰਾਜੀ ਮੁਲਕ ’ਚ ਜਾ ਕੇ ਧੜਵੈਲ ਵਿਦੇਸ਼ੀ ਕੰਪਨੀਆਂ ਨੂੰ ਪੰਜਾਬ ਦੇ ਅਮੀਰ ਕੁਦਰਤੀ ਸਰੋਤਾਂ ਨੂੰ ਲਟਾਉਣ ਦੇ ਸੱਦੇ ਦੇ ਰਿਹਾ, ਜਦੋਂ ਕਿ ਸ਼ਹੀਦ ਭਗਤ ਸਿੰਘ ਨੇ ਸਾਮਰਾਜੀਆਂ ਨੂੰ ਮੁਲਕ ’ਚੋਂ ਭਜਾਉਣ ਲਈ ਜਾਨ ਦੀ ਬਾਜ਼ੀ ਲਾ ਦਿੱਤੀ ਸੀ। ਉਹਨਾਂ ਕਿਹਾ ਕਿ ਮਾਨ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਮਜ਼ਦੂਰਾਂ ਨਾਲ ਵਿਤਕਰੇਬਾਜ਼ੀ ਕਰ ਰਹੀ ਹੈ।
ਮਜ਼ਦੂਰ ਮੋਰਚੇ ਦੇ ਆਗੂਆਂ ਹਰਵਿੰਦਰ ਸਿੰਘ ਸੇਮਾ, ਹਰਮੇਸ਼ ਮਾਲੜੀ, ਅਮਰੀਕ ਸਿੰਘ ਦਾਊਦ, ਲਖਵੀਰ ਸਿੰਘ ਲੌਂਗੋਵਾਲ, ਲਖਵੰਤ ਸਿੰਘ ਕਿਰਤੀ, ਬਿੱਕਰ ਸਿੰਘ ਹਥੋਆ, ਕਿ੍ਰਸ਼ਨ ਚੌਹਾਨ, ਚਮਨ ਲਾਲ ਦਰਾਜਕੇ, ਜਸਵੰਤ ਸਿੰਘ ਖੇੜੀ, ਗੋਰਾ ਸਿੰਘ ਮੱਤਾ, ਨਿਰਮਲ ਸਿੰਘ ਸ਼ੇਰਪੁਰ, ਮੇਜਰ ਸਿੰਘ ਕੋਟ ਟੋਡਰਪੁਰ, ਨਿਰਮਲ ਸਿੰਘ ਮਲਸੀਆਂ ਵੱਲੋਂ ਮੰਗਾਂ ਨੂੰ ਦੁਹਰਾਉਂਦੇ ਹੋਏ ਮੰਗ ਕੀਤੀ ਕਿ ਮਗਨਰੇਗਾ ਤਹਿਤ ਟੱਬਰ ਦੇ ਸਾਰੇ ਬਾਲਗ ਮੈਂਬਰਾਂ ਨੂੰ ਸਾਰਾ ਸਾਲ ਕੰਮ ਦੇਣ, ਮਗਨਰੇਗਾ ਸਮੇਤ ਹੋਰਨਾਂ ਕੰਮਾਂ ਦੀ ਦਿਹਾੜੀ 700 ਰੁਪਏ ਕਰਨ, ਪੰਚਾਇਤੀ ਜ਼ਮੀਨ ਦਾ ਤੀਜੇ ਹਿੱਸੇ ਦਾ ਹੱਕ ਦਲਿਤਾਂ ਨੂੰ ਅਮਲ ਵਿੱਚ ਦੇਣ, ਅਲਾਟ ਪਲਾਟਾਂ ਦੇ ਮਜ਼ਦੂਰਾਂ ਨੂੰ ਕਬਜ਼ੇ ਦੇਣ, ਲੋੜਵੰਦ ਪਰਵਾਰਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਕਰਨ, ਲਾਲ ਲਕੀਰ ਅੰਦਰ ਰਹਿੰਦੇ ਪਰਵਾਰਾਂ ਨੂੰ ਮਾਲਕੀ ਹੱਕ ਦੇਣ, ਮਕਾਨ ਉਸਾਰੀ ਲਈ ਗ੍ਰਾਂਟ ਦਿੱਤੀ ਜਾਵੇ, ਗੁਲਾਬੀ ਸੁੰਡੀ ਕਾਰਨ ਖਰਾਬ ਨਰਮੇ ਅਤੇ ਮੀਂਹ ਕਾਰਨ ਮਰੀਆਂ ਫਸਲਾਂ ਦਾ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ, ਮਾਈਕਰੋ ਫਾਇਨਾਂਸ ਕੰਪਨੀਆਂ ਸਮੇਤ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ੇ ਮੁਆਫ ਕੀਤੇ ਜਾਣ, ਸਹਿਕਾਰੀ ਸਭਾਵਾਂ ਵਿੱਚ ਬੇਜ਼ਮੀਨੇ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਮੈਂਬਰਸ਼ਿਪ ਦਿੱਤੀ ਜਾਵੇ, ਤਿੱਖੇ ਭੂਮੀ ਸੁਧਾਰ ਕਰਕੇ ਵਾਧੂ ਜ਼ਮੀਨਾਂ ਬੇਜ਼ਮੀਨੇ ਲੋਕਾਂ ਵਿੱਚ ਵੰਡ ਕਰਨ, ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨਾਂ ਦੀ ਰਾਸ਼ੀ 5 ਹਜ਼ਾਰ ਰੁਪਏ ਕੀਤੀ ਜਾਵੇ ਅਤੇ ਉਮਰ ਹੱਦ ਘਟਾ ਕੇ 55-58 ਸਾਲ ਕੀਤੀ ਜਾਵੇ । ਉਹਨਾਂ ਕਿਹਾ ਕਿ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਦੇ ਘਰ ਅੱਗੇ ਮੋਰਚਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮਾਨ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਮਜ਼ਦੂਰ ਮੰਗਾਂ ਨੂੰ ਅੱਖੋਂ-ਪਰੋਖੇ ਕਰ ਰਹੀ ਹੈ। ਇਸ ਹਾਲਤ ਵਿੱਚ ਮਜ਼ਦੂਰਾਂ ਪਾਸ ਸੰਘਰਸ਼ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ।
ਇਸ ਮੌਕੇ ਭਰਾਤਰੀ ਜਥੇਬੰਦੀਆਂ ਬੀ ਕੇ ਯੂ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ, ਜਮਹੂਰੀ ਕਿਸਾਨ ਸਭਾ ਦੇ ਪ੍ਰਗਟ ਸਿੰਘ ਜਾਮਾਰਾਏ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਪੰਜਾਬ ਕਿਸਾਨ ਸਭਾ ਦੇ ਬਲਦੇਵ ਸਿੰਘ ਨਿਹਾਲਗੜ੍ਹ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਧੰਨਾ ਮੱਲ ਗੋਇਲ, ਡੀ ਐੱਮ ਐੱਫ ਦੇ ਆਗੂ ਸੁਖਵਿੰਦਰ ਗਿਰ, ਡੀ ਟੀ ਐਫ ਦੇ ਆਗੂ ਰਘਵੀਰ ਭਵਾਨੀਗੜ੍ਹ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਕਰਨ ਬਾਵਾ, ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੇ ਸੂਬਾ ਸਕੱਤਰ ਮਨਜੀਤ ਸਿੰਘ, ਟੈਲੀਕਾਮ ਮੁਲਾਜ਼ਮਾਂ ਦੇ ਆਗੂ ਸੁਤੰਤਰ ਕੁਮਾਰ, ਨੌਜਵਾਨ ਭਾਰਤ ਸਭਾ ਦੇ ਗੁਰਵਿੰਦਰ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਭਾਰਤ ਸਭਾ ਦੇ ਆਗੂ ਸੁਲੱਖਣ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਤੋਂ ਇਲਾਵਾ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਨੇ ਸੰਬੋਧਨ ਕੀਤਾ। ਮੋਰਚੇ ਦੀ ਅਗਵਾਈ ਮਜ਼ਦੂਰ ਆਗੂਆਂ ਪਰਮਜੀਤ ਲੌਂਗੋਵਾਲ, ਹੰਸ ਰਾਜ ਪੱਬਵਾਂ, ਗੁਲਜ਼ਾਰ ਗੋਰੀਆਂ, ਜੋਰਾ ਸਿੰਘ ਨਸਰਾਲੀ, ਦਰਸ਼ਨ ਨਾਹਰ, ਲਖਵੀਰ ਲੌਂਗੋਵਾਲ ਤੇ ਭਗਵੰਤ ਸਿੰਘ ਸਮਾਓ ਨੇ ਕੀਤੀ।