ਜਦੋਂ ਟੋਲ ਪਲਾਜ਼ੀਆਂ ਨੂੰ ਗੁੱਸਾ ਚੜਿ੍ਹਆ

0
108

ਨਵੀਂ ਦਿੱਲੀ : ਆਗਰਾ-ਲਖਨਊ ਐੱਕਸਪ੍ਰੈੱਸਵੇ ਦੀ ਫਤਿਹਾਬਾਦ ਟੋਲ ਪੋਸਟ ਦੇ ਵਰਕਰ ਬਣਦਾ ਦੀਵਾਲੀ ਬੋਨਸ ਨਾ ਮਿਲਣ ‘ਤੇ ਏਨੇ ਗੁੱਸੇ ਹੋਏ ਕਿ ਉਨ੍ਹਾਂ ਸੋਮਵਾਰ ਕਰੀਬ ਪੰਜ ਹਜ਼ਾਰ ਗੱਡੀਆਂ ਬਿਨਾਂ ਟੋਲ ਵਸੂਲੇ ਲੰਘਾ ਦਿੱਤੀਆਂ | ਸ੍ਰੀ ਸਾਈਨ ਐਂਡ ਦਾਤਾਰ ਕੰਪਨੀ ਦੇ 21 ਵਰਕਰ ਇਸ ਗੱਲੋਂ ਖਿਝੇ ਕਿ ਉਨ੍ਹਾਂ ਨੂੰ ਸਿਰਫ 1100 ਰੁਪਏ ਬੋਨਸ ਹੀ ਦਿੱਤਾ ਗਿਆ | ਕੰਪਨੀ ਨੇ ਹੋਰਨਾਂ ਟੋਲ ਪਲਾਜ਼ਿਆਂ ਤੋਂ ਵਰਕਰ ਲਿਆ ਕੇ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਅੰਦੋਲਨਕਾਰੀ ਵਰਕਰਾਂ ਵੱਲੋਂ ਉਨ੍ਹਾਂ ਨੂੰ ਰੋਕਣ ‘ਤੇ ਘੜਮਸ ਮਚ ਗਿਆ | ਇੱਕ ਵਰਕਰ ਨੇ ਕਿਹਾ ਕਿ ਉਹ ਇੱਕ ਸਾਲ ਤੋਂ ਕੰਮ ਕਰ ਰਿਹਾ ਹੈ, ਪੂਰੀ ਸਖਤੀ ਨਾਲ ਕੰਮ ਲਿਆ ਜਾਂਦਾ ਹੈ, ਪਰ ਤਨਖਾਹ ਵੀ ਵਕਤ ਸਿਰ ਨਹੀਂ ਦਿੱਤੀ ਜਾਂਦੀ | ਉਲਟਾ ਕੰਪਨੀ ਧਮਕੀ ਦੇ ਰਹੀ ਸੀ ਕਿ ਉਹ ਉਨ੍ਹਾਂ ਨੂੰ ਹਟਾ ਦੇਵੇਗੀ, ਪਰ ਬੋਨਸ ਨਹੀਂ ਦੇਵੇਗੀ | ਮਾਮਲਾ 10 ਘੰਟਿਆਂ ਬਾਅਦ ਸੁਲਝਿਆ, ਜਦੋਂ ਕੰਪਨੀ ਨੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੀ ਤਨਖਾਹ ਵਿੱਚ 10 ਫੀਸਦੀ ਦਾ ਵਾਧਾ ਕਰੇਗੀ ਤੇ ਕੰਮ ਹਾਲਤਾਂ ਵੀ ਸੁਧਾਰੇਗੀ |