ਅਕੀਲ ਦੇ ਮਾਮਲੇ ‘ਚ ਨਵੇਂ ਤੋਂ ਨਵਾਂ ਮੋੜ

0
126

ਚੰਡੀਗੜ੍ਹ : ਹਰਿਆਣਾ ਪੁਲਸ ਨੇ ਪੰਜਾਬ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ ਅਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਖਿਲਾਫ਼ ਉਨ੍ਹਾਂ ਦੇ ਪੁੱਤ ਦੀ ਮੌਤ ਦੇ ਸੰਬੰਧ ਵਿਚ ਕੇਸ ਦਰਜ ਕੀਤਾ ਹੈ | ਕੇਸ ਵਿਚ ਕਤਲ ਤੇ ਅਪਰਾਧਿਕ ਸਾਜ਼ਿਸ਼ ਜਿਹੇ ਦੋਸ਼ਾਂ ਨਾਲ ਸੰਬੰਧਤ ਧਾਰਾਵਾਂ ਵੀ ਜੋੜੀਆਂ ਗਈਆਂ ਹਨ | ਮੁਸਤਫ਼ਾ ਤੇ ਸੁਲਤਾਨਾ ਦੇ ਇਕਲੌਤੇ ਪੁੱਤਰ ਅਕੀਲ ਅਖ਼ਤਰ (35) ਦੀ ਲੰਘੇ ਵੀਰਵਾਰ ਨੂੰ ਹਰਿਆਣਾ ਦੇ ਪੰਚਕੂਲਾ ਵਿਚ ਮੌਤ ਹੋ ਗਈ ਸੀ | ਸ਼ਮਸ਼ੂਦੀਨ ਨਾਂਅ ਦੇ ਸ਼ਖ਼ਸ ਦੀ ਸ਼ਿਕਾਇਤ ‘ਤੇ ਦਰਜ ਐੱਫ ਆਈ ਆਰ ਮੁਤਾਬਕ ਅਖ਼ਤਰ ਦੀ ਮੌਤ ‘ਸ਼ੱਕੀ ਹਾਲਾਤ’ ਵਿਚ ਹੋਈ | ਪੰਚਕੂਲਾ ਪੁਲਸ ਨੇ ਕਿਹਾ ਕਿ ਮੁਸਤਫ਼ਾ, ਸੁਲਤਾਨਾ ਤੇ ਅਖ਼ਤਰ ਦੀ ਭੈਣ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਂਚ ਲਈ ਏ ਸੀ ਪੀ-ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਜੋ ਕੇਸ ਦੇ ਸਾਰੇ ਪਹਿਲੂਆਂ ਦੀ ਡੂੰਘੀ ਅਤੇ ਵਿਗਿਆਨਕ ਜਾਂਚ ਕਰੇਗੀ | ਅਕੀਲ ਅਖ਼ਤਰ 16 ਅਕਤੂਬਰ ਨੂੰ ਪੰਚਕੂਲਾ ਦੇ ਸੈਕਟਰ 4 ਐਮ ਡੀ ਸੀ ਵਿਚਲੇ ਆਪਣੇ ਘਰ ਵਿਚ ਮਿ੍ਤਕ ਮਿਲਿਆ ਸੀ | ਸ਼ੁਰੂ ਵਿੱਚ ਮੌਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਸ਼ੁਬਹਾ ਨਹੀਂ ਸੀ | ਹਰਿਆਣਾ ਪੁਲਸ ਨੇ ਕਿਹਾ ਕਿ ਮਗਰੋਂ ਕੁਝ ਸੋਸ਼ਲ ਮੀਡੀਆ ਪੋਸਟਾਂ ਅਤੇ ਵੀ ਡੀ ਓ ਸਾਹਮਣੇ ਆਏ, ਜੋ ਅਕੀਲ ਅਖ਼ਤਰ ਵੱਲੋਂ ਕਥਿਤ ਤੌਰ ‘ਤੇ ਆਪਣੀ ਮੌਤ ਤੋਂ ਪਹਿਲਾਂ ਬਣਾਏ ਗਏ ਸਨ, ਜਿਸ ਵਿੱਚ ਨਿੱਜੀ ਝਗੜਿਆਂ ਅਤੇ ਉਸ ਦੀ ਜਾਨ ਨੂੰ ਖਤਰੇ ਦੇ ਖਦਸ਼ਿਆਂ ਦਾ ਦੋਸ਼ ਲਗਾਇਆ ਗਿਆ ਸੀ | ਇੱਕ ਪੋਸਟ ਵਿੱਚ ਬਹੁਤ ਗੰਭੀਰ ਦੋਸ਼ ਲਾਏ ਗਏ ਹਨ, ਜਿਨ੍ਹਾਂ ਵਿੱਚ ਅਕੀਲ ਨੇ ਦਾਅਵਾ ਕੀਤਾ ਹੈ ਕਿ ”ਮੇਰੇ ਪਿਤਾ ਦੇ ਮੇਰੀ ਪਤਨੀ ਨਾਲ ਸੰਬੰਧ ਹਨ ਤੇ ਇਸ ਕਾਰਨ ਮੈਂ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਹਾਂ ਤੇ ਮੇਰੀ ਜਾਨ ਨੂੰ ਵੀ ਖਤਰਾ ਹੈ |” ਅਕੀਲ ਨੇ ਹੋਰ ਕਿਹਾ, ”ਮੈਂ ਹਰ ਰੋਜ਼ ਇਸ ਡਰ ਵਿੱਚ ਰਹਿੰਦਾ ਹਾਂ ਕਿ ਉਹ ਮੇਰੇ ਵਿਰੁੱਧ ਝੂਠਾ ਕੇਸ ਦਾਇਰ ਕਰਵਾ ਦੇਣਗੇ |”
ਇਸੇ ਦੌਰਾਨ ਅਕੀਲ ਅਖਤਰ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ | ਲੱਗਭੱਗ ਤਿੰਨ ਮਿੰਟ ਦੇ ਵਾਇਰਲ ਇਸ ਵੀਡੀਓ ਵਿੱਚ, ਅਕੀਲ ਆਪਣੇ ਪਰਵਾਰ ਨੂੰ ਕਲੀਨ ਚਿੱਟ ਦਿੰਦੇ ਹੋਏ ਦਿਖਾਈ ਦੇ ਰਿਹਾ ਹੈ | ਵੀਡੀਓ ਵਿੱਚ ਅਕੀਲ ਕਹਿੰਦਾ ਹੈ ਕਿ ਉਸ ਵੱਲੋਂ ਪਹਿਲਾਂ ਆਪਣੇ ਪਰਵਾਰਕ ਮੈਂਬਰਾਂ ‘ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਉਸ ਨੇ ਇਹ ਬਿਆਨ ਉਦੋਂ ਦਿੱਤੇ ਸਨ, ਜਦੋਂ ਉਹ ਬਿਮਾਰ ਸੀ | ਵੀਡੀਓ ਵਿੱਚ ਅਕੀਲ ਇਹ ਵੀ ਕਹਿੰਦਾ ਹੈ ਕਿ ਉਸ ਦੇ ਪਰਵਾਰ ਨੇ ਹਮੇਸ਼ਾ ਉਸ ਦੀ ਦੇਖਭਾਲ ਕੀਤੀ ਹੈ | ਉਹ ਆਪਣੀ ਭੈਣ ਦੀ ਪ੍ਰਸ਼ੰਸਾ ਕਰਦੇ ਹੋਏ ਕਹਿੰਦਾ ਹੈ ਕਿ ਉਹ ਉਸ ਦਾ ਬਹੁਤ ਧਿਆਨ ਰੱਖਦੀ ਹੈ |
ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਪੂਰੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ |