ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਮੰਗਲਵਾਰ ਦੋਸ਼ ਲਾਇਆ ਕਿ ਭਾਜਪਾ ਉਸ ਦੀ ਸਰਕਾਰ ਡੇਗਣ ਲਈ ਉਸ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਅਪ੍ਰੇਸ਼ਨ ਲੋਟਸ ਦੇ ਹਿੱਸੇ ਵਜੋਂ ਸੀ ਬੀ ਆਈ ਤੇ ਈ ਡੀ ਦੇ ਡਰਾਵੇ ਦੇ ਨਾਲ-ਨਾਲ ਪੈਸੇ ਦਾ ਲਾਲਚ ਵੀ ਦੇ ਰਹੀ ਹੈ, ਜਿਵੇਂ ਕਿ ਉਸ ਨੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੋਆ ਤੇ ਰਾਜਸਥਾਨ ਵਿਚ ਕੀਤਾ।
ਚੀਮਾ ਨੇ ਕਿਹਾਸਾਡੇ ਦਸ ਵਿਧਾਇਕਾਂ ਨਾਲ ਹਫਤੇ ’ਚ ਫੋਨ ਕਰਕੇ ਸੰਪਰਕ ਕੀਤਾ ਗਿਆ ਤੇ ਪਾਰਟੀ ਛੱਡਣ ਲਈ 25 ਕਰੋੜ ਰੁਪਏ ਤੱਕ ਦੀ ਆਫਰ ਦਿੱਤੀ ਗਈ। ਵਿਧਾਇਕਾਂ ਨੂੰ ਕਿਹਾ ਗਿਆ : ਬੜੇ ਬਾਊ ਜੀ ਸੇ ਮਿਲਵਾਏਂਗੇ। ਇਨ੍ਹਾਂ ਵਿਧਾਇਕਾਂ ਨੂੰ ਵੱਡੇ ਅਹੁਦਿਆਂ ਦੀ ਵੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਨੂੰ ਕਿਹਾ ਗਿਆ ਕਿ ਜੇ ਵੱਧ ਵਿਧਾਇਕ ਨਾਲ ਲਿਆਓਗੇ ਤਾਂ 75 ਕਰੋੜ ਰੁਪਏ ਵੀ ਦੇ ਦਿਆਂਗੇ।
ਚੀਮਾ ਨੇ ਕਿਹਾ ਕਿ ਭਾਜਪਾ ਆਗੂ ‘ਆਪ’ ਵਿਧਾਇਕਾਂ ਨੂੰ ਇਹ ਵੀ ਕਹਿ ਰਹੇ ਹਨ ਕਿ ਸਰਕਾਰ ਉਲਟਾਉਣ ਲਈ ਸਿਰਫ 35 ਵਿਧਾਇਕਾਂ ਦੀ ਲੋੜ ਹੈ। ਕੁਝ ਕਾਂਗਰਸੀ ਵਿਧਾਇਕਾਂ ਨਾਲ ਪਹਿਲਾਂ ਹੀ ਗੱਲ ਹੋ ਗਈ ਹੈ। ਚੀਮਾ ਨੇ ਦੋਸ਼ ਲਾਇਆ ਕਿ ਕੇਂਦਰ ਦੀ ਹਾਕਮ ਪਾਰਟੀ ਨੇ ਵਿਧਾਇਕ ਖਰੀਦਣ ਲਈ 1375 ਕਰੋੜ ਰੁਪਏ ਪਾਸੇ ਰੱਖੇ ਹੋਏ ਹਨ। ਉਹ ਸੀ ਬੀ ਆਈ ਤੇ ਈ ਡੀ ਨੂੰ ਵੀ ਵਰਤ ਰਹੀ ਹੈ।
ਚੀਮਾ ਨੇ ਕਿਹਾ ਕਿ ਉਨ੍ਹਾਂ ਦੇ 7 ਵਿਧਾਇਕਾਂ ਨਾਲ ਸਿੱਧਾ ਸੰਪਰਕ ਕੀਤਾ ਗਿਆ, ਪਰ ਉਨ੍ਹਾ ਵਿਧਾਇਕਾਂ ਦੇ ਨਾਂਅ ਨਹੀਂ ਦੱਸੇ। ਚੀਮਾ ਨੇ ਕਿਹਾ ਕਿ ਪਾਰਟੀ ਦਾ ਕਾਨੂੰਨੀ ਸੈੱਲ ਮਾਮਲੇ ਨੂੰ ਦੇਖ ਰਿਹਾ ਹੈ ਅਤੇ ਇਸ ਪੜਾਅ ’ਤੇ ਉਹ ਨਾਂਅ ਨਹੀਂ ਦੱਸਣਗੇ। ਮੋਦੀ ਸਰਕਾਰ ’ਤੇ ਵਰ੍ਹਦਿਆਂ ਚੀਮਾ ਨੇ ਕਿਹਾ ਕਿ ਭਾਜਪਾ ਦੇਸ਼ ’ਚ ‘ਸੀਰੀਅਲ ਕਿਲਰ’ ਵਜੋਂ ਕੰਮ ਕਰ ਰਹੀ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਪੰਜਾਬ ‘ਚ ‘ਆਪ’ ਸਰਕਾਰ ਦਾ ਤਖਤਾ ਪਲਟਣ ਲਈ ਰਲ ਗਈਆਂ ਹਨ, ਕਿਉਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਗਤੀਸ਼ੀਲ ਕੰਮਕਾਜ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ। ਚੀਮਾ ਨੇ ਕਿਹਾ ਕਿ ਦਿੱਲੀ ਵਿੱਚ ‘ਆਪ’ ਨੇਤਾਵਾਂ ਵਿਰੁੱਧ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਅਤੇ ਦਿੱਲੀ ਵਿੱਚ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਕਰਨ ਤੋਂ ਬਾਅਦ ਹੁਣ ਨਾਪਾਕ ਭਾਜਪਾ ਪੰਜਾਬ ਵਿੱਚ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾ ਕਿਹਾ ਕਿ ਭਾਜਪਾ ਇੱਕ ਸੀਰੀਅਲ ਕਿਲਰ ਹੈ, ਜੋ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਏਜੰਸੀਆਂ ਦਾ ਡਰ ਦਿਖਾ ਕੇ ਅਤੇ ਪੈਸੇ ਨਾਲ ਮਜਬੂਰ ਕਰਕੇ ਹਰ ਰਾਜ ਵਿੱਚ ਸਰਕਾਰਾਂ ਨੂੰ ਇੱਕ-ਇੱਕ ਕਰਕੇ ਡੇਗ ਰਹੀ ਹੈ। ‘ਅਪ੍ਰੇਸ਼ਨ ਲੋਟਸ’ ਤਹਿਤ ਲੋਕਤੰਤਰ ਦੀ ਹੱਤਿਆ ਦਾ ਅਗਲਾ ਨਿਸ਼ਾਨਾ ਪੰਜਾਬ ਹੈ।
ਪੰਜਾਬ ਨੂੰ ਵਿੱਤੀ ਸਹਾਇਤਾ ਦੇਣ ਤੋਂ ਇਨਕਾਰ ਕਰਨ ’ਤੇ ਤਿੱਖਾ ਹਮਲਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਪੰਜਾਬ ਦੀ ਆਰਥਕ ਮਦਦ ਕਰਨ ਲਈ ਇਕ ਰੁਪਿਆ ਵੀ ਨਹੀਂ, ਪਰ ਉਨ੍ਹਾਂ ਕੋਲ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਲਈ 1375 ਕਰੋੜ ਰੁਪਏ ਦਾ ਕਾਲਾ ਧਨ ਹੈ। ਪ੍ਰੈੱਸ ਕਾਨਫਰੰਸ ’ਚ ਵਿਧਾਇਕ ਸ਼ੀਤਲ ਅੰਗੁਰਾਲ, ਮਨਜੀਤ ਸਿੰਘ ਬਿਲਾਸਪੁਰ, ਰਮਨ ਅਰੋੜਾ, ਲਾਭ ਸਿੰਘ ਉਗੋਕੇ ਤੇ ਰੁਪਿੰਦਰ ਸਿੰਘ ਹੈਪੀ ਵੀ ਮੌਜੂਦ ਸਨ।