ਮੋਦੀ ਵਾਲਾ ਭਾਰਤ ਕੁਝ ਖਾਸ ਤਰ੍ਹਾਂ ਦੇ ਲੋਕਾਂ ਲਈ : ਮਮਦਾਨੀ

0
95

ਨਿਊ ਯਾਰਕ : ਨਿਊ ਯਾਰਕ ਸ਼ਹਿਰ ਦੇ ਮੇਅਰ ਦੇ ਅਹੁਦੇ ਲਈ ਡੈਮੋਕਰੇਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਨੇ ਦੀਵਾਲੀ ‘ਤੇ ਹਿੰਦੂ-ਅਮਰੀਕੀ ਭਾਈਚਾਰੇ ਵਿੱਚ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ | ਕੁਝ ਮਹੀਨੇ ਪਹਿਲਾਂ ਮੋਦੀ ਦੀ ਤੁਲਨਾ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਕਰਕੇ ਉਨ੍ਹਾ ਨੂੰ ਯੁੱਧ ਅਪਰਾਧੀ ਦੱਸਣ ਵਾਲੇ ਮਮਦਾਨੀ ਨੇ ਨਿਊ ਯਾਰਕ ਦੀ ਕੁਈਨਜ਼ ਵਿੱਚ ਕਈ ਹਿੰਦੂ ਮੰਦਰਾਂ ਦੇ ਦੌਰੇ ਦੌਰਾਨ ਕਿਹਾ ਕਿ ਉਹ ਇੱਕ ਅਜਿਹੇ ਭਾਰਤ ਵਿੱਚ ਪਲੇ-ਵਧੇ, ਜਿਹੜਾ ਬਹੁਲਵਾਦ ਦਾ ਉਤਸਵ ਮਨਾਉਂਦਾ ਸੀ, ਪਰ ਹੁਣ ਉਹ ਹਾਲਾਤ ਨਹੀਂ | ਉਨ੍ਹਾ ਕਿਹਾ, ‘ਮੈਂ ਪ੍ਰਧਾਨ ਮੰਤਰੀ ਮੋਦੀ ਦਾ ਇਸ ਕਰਕੇ ਆਲੋਚਕ ਰਿਹਾ ਹਾਂ, ਕਿਉਂਕਿ ਮੈਂ ਜਿਸ ਭਾਰਤ ਵਿੱਚ ਵੱਡਾ ਹੋਇਆ ਉਹ ਇੱਕ ਬਹੁਲਵਾਦੀ ਭਾਰਤ ਸੀ, ਜਿੱਥੇ ਹਰ ਧਰਮ ਦੇ ਲੋਕ ਇਕੱਠੇ ਰਹਿੰਦੇ ਸਨ | ਮੇਰੀ ਆਲੋਚਨਾ ਮੋਦੀ ਤੇ ਭਾਜਪਾ ਦੇ ਉਸ ਵਿਚਾਰ ਦੇ ਖਿਲਾਫ ਹੈ, ਜਿਹੜੀ ਭਾਰਤ ਵਿੱਚ ਸਿਰਫ ਕੁਝ ਖਾਸ ਤਰ੍ਹਾਂ ਦੇ ਭਾਰਤੀਆਂ ਲਈ ਥਾਂ ਹੋਣ ਦੀ ਗੱਲ ਕਰਦੀ ਹੈ |’ ਉਨ੍ਹਾ ਕਿਹਾ ਕਿ ਬਹੁਲਵਾਦ ਦਾ ਉਤਸਵ ਮਨਾਉਣਾ ਚਾਹੀਦਾ ਹੈ ਤੇ ਉਸ ਲਈ ਜਤਨ ਕਰਨੇ ਚਾਹੀਦੇ ਹਨ | ਮੇਅਰ ਦੀ ਚੋਣ ਵਿੱਚ ਦੋ ਹਫਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ | ਹਾਲੀਆ ਸਰਵੇਖਣ ਮੁਤਾਬਕ ਮਮਦਾਨੀ ਆਜ਼ਾਦ ਵਿਰੋਧੀ ਤੇ ਨਿਊ ਯਾਰਕ ਦੇ ਸਾਬਕਾ ਗਵਰਨਰ ਐਂਡਿ੍ਊ ਕਯੂਮੋ ਤੋਂ 13 ਫੀਸਦੀ ਅੰਕਾਂ ਨਾਲ ਅੱਗੇ ਹਨ | ਹਾਲਾਂਕਿ, ਪਿਛਲੇ ਕੁਝ ਹਫਤਿਆਂ ਵਿੱਚ ਉਨ੍ਹਾ ਦੀ ਲੀਡ ਘਟੀ ਹੈ | ਜੇ ਤੀਜੇ ਸਥਾਨ ‘ਤੇ ਚੱਲ ਰਹੇ ਰਿਪਬਲੀਕਨ ਉਮੀਦਵਾਰ ਕਰਟਿਸ ਸਲਿਵਾ ਮੈਦਾਨ ਵਿੱਚੋਂ ਬਾਹਰ ਹੋ ਜਾਂਦੇ ਹਨ ਤਾਂ ਮੁਕਾਬਲਾ ਕਾਫੀ ਫਸਵਾਂ ਹੋ ਜਾਵੇਗਾ | ਕਯੂਮੋ ਵੀ ਮਮਦਾਨੀ ਵਾਂਗ ਡੈਮੋਕਰੇਟਿਕ ਪਾਰਟੀ ਦੇ ਸਨ, ਪਰ ਮਮਦਾਨੀ ਨੇ ਪਾਰਟੀ ਚੋਣਾਂ ਵਿੱਚ ਉਨ੍ਹਾ ਨੂੰ ਹਰਾ ਕੇ ਉਮੀਦਵਾਰੀ ਹਾਸਲ ਕਰ ਲਈ ਸੀ |
ਨਿਊ ਯਾਰਕ ਸ਼ਹਿਰ ਵਿੱਚ ਭਾਰਤੀ-ਅਮਰੀਕੀ ਆਬਾਦੀ ਸਭ ਤੋਂ ਵੱਡੀ ਹੈ | ਮਮਦਾਨੀ ਹਰ ਭਾਈਚਾਰੇ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰ ਰਹੇ ਹਨ | ਪ੍ਰਸਿੱਧ ਫਿਲਮਸਾਜ਼ ਮੀਰਾ ਨਾਇਰ ਦੇ ਬੇਟੇ ਨੇ ਇਹ ਵੀ ਕਿਹਾ ਕਿ ਉਹ ਜਾਣਦੇ ਹਨ ਕਿ ਉਹ ਜਿਸ ਸ਼ਹਿਰ ਦੇ ਮੇਅਰ ਦੀ ਚੋਣ ਲੜ ਰਹੇ ਹਨ, ਉਸ ਵਿੱਚ 85 ਲੱਖ ਲੋਕ ਰਹਿੰਦੇ ਹਨ | ਉਨ੍ਹਾਂ ਵਿੱਚੋਂ ਕਈ ਉਨ੍ਹਾ ਦੇ ਮੋਦੀ ਬਾਰੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਣਗੇ | ਇਹ ਉਨ੍ਹਾਂ ਦਾ ਅਧਿਕਾਰ ਹੈ ਅਤੇ ਉਹ ਜਿੱਤਦੇ ਹਨ ਤਾਂ ਉਹ ਸਭ ਨੂੰ ਨਾਲ ਲੈ ਕੇ ਚੱਲਣਗੇ, ਕਿਉਂਕਿ ਸਾਰੇ ਲੋਕਾਂ ਦੀ ਸੁਰੱਖਿਆ ਤੇ ਸ਼ਹਿਰ ਦੀ ਤਰੱਕੀ ਉਨ੍ਹਾ ਦੀ ਜ਼ਿੰਮੇਵਾਰੀ ਹੋਵੇਗੀ | ਸਭ ਨੂੰ ਨਾਲ ਲੈ ਕੇ ਚੱਲਣ ਦਾ ਸਬਕ ਉਨ੍ਹਾ ਭਾਰਤ ਵਰਗੇ ਬਹੁਲਵਾਦੀ ਸਮਾਜ ਵਿੱਚ ਪਲਦੇ ਹੋਏ ਸਿੱਖਿਆ ਹੈ |