ਭਾਰਤ ਸਾਲ ਦੇ ਅਖੀਰ ਤੱਕ ਰੂਸੀ ਤੇਲ ਦੀ ਖਰੀਦ ‘ਲੱਗਭੱਗ ਬੰਦ’ ਕਰ ਦੇਵੇਗਾ, ਟਰੰਪ ਦਾ ਦਾਅਵਾ

0
89

ਜੰਗਬੰਦੀ ਲਈ ਯੂਕਰੇਨ ਨੂੰ ਛੱਡਣਾ ਪੈ ਸਕਦਾ ਹੈ ਕੁਝ ਖੇਤਰ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਭਾਰਤ ਨੇ ਰੂਸ ਤੋਂ ਹੋਰ ਤੇਲ ਨਾ ਖਰੀਦਣ ਦੀ ਸਹਿਮਤੀ ਦਿੱਤੀ ਹੈ ਤੇ ਸਾਲ ਦੇ ਅਖੀਰ ਤੱਕ ਇਹ ਖਰੀਦ ਲੱਗਭੱਗ ਬੰਦ ਹੋ ਜਾਵੇਗੀ | ਹਾਲਾਂਕਿ ਟਰੰਪ ਨੇ ਕਿਹਾ ਕਿ ਇਹ ਇਕ ਅਮਲ ਹੈ, ਜਿਸ ਵਿਚ ਕੁਝ ਸਮਾਂ ਲੱਗੇਗਾ | ਟਰੰਪ ਨੇ ਕਿਹਾ ਕਿ ਉਹ ਚੀਨ ਨੂੰ ਵੀ ਅਜਿਹਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ | ਚੀਨ ਅਤੇ ਭਾਰਤ ਰੂਸੀ ਕੱਚੇ ਤੇਲ ਦੇ ਦੋ ਸਭ ਤੋਂ ਵੱਡੇ ਖਰੀਦਦਾਰ ਹਨ | ਅਮਰੀਕੀ ਸਦਰ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ, ”ਕੀ ਤੁਸੀਂ ਜਾਣਦੇ ਹੋ, ਭਾਰਤ ਨੇ ਮੈਨੂੰ ਦੱਸਿਆ ਹੈ ਕਿ ਉਹ (ਰੂਸੀ ਤੇਲ ਦੀ ਖਰੀਦ) ਬੰਦ ਕਰਨ ਜਾ ਰਹੇ ਹਨ… ਇਹ ਇੱਕ ਪ੍ਰਕਿਰਿਆ ਹੈ | ਤੁਸੀਂ ਕਿਸੇ ਨੂੰ ਬੱਸ ਏਦਾਂ ਹੀ ਨਹੀਂ ਰੋਕ ਸਕਦੇ… ਸਾਲ ਦੇ ਅਖੀਰ ਤੱਕ, ਉਨ੍ਹਾਂ ਕੋਲ ਲੱਗਭੱਗ ਸਿਰਫ ਕਰੀਬ 40 ਫੀਸਦ ਤੇਲ ਰਹਿ ਜਾਵੇਗਾ | ਕੱਲ੍ਹ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨਾਲ ਗੱਲ ਕੀਤੀ | ਉਨ੍ਹਾਂ ਨੇ ਚੰਗਾ ਹੁੰਗਾਰਾ ਦਿੱਤਾ ਹੈ |” ਚੇਤੇ ਰਹੇ ਕਿ ਟਰੰਪ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਭਾਰਤ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਆਪਣੀ ਤੇਲ ਦਰਾਮਦ ਨੂੰ ਕਾਫ਼ੀ ਘਟਾ ਦੇਵੇਗਾ | ਅਮਰੀਕਾ ਦਾ ਮੰਨਣਾ ਹੈ ਕਿ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਕੇ ਯੂਕਰੇਨ ਖਿਲਾਫ਼ ਜੰਗ ਵਿਚ ਪੁਤਿਨ ਦੀ ਅਸਿੱਧੇ ਤੌਰ ‘ਤੇ ਮਦਦ ਕਰ ਰਿਹਾ ਹੈ | ਨਵੀਂ ਦਿੱਲੀ ਤੇ ਵਾਸ਼ਿੰਗਟਨ ਦਰਮਿਆਨ ਰਿਸ਼ਤੇ ਉਦੋਂ ਤੋਂ ਗੰਭੀਰ ਤਣਾਅ ਵਿੱਚ ਹਨ, ਜਦੋਂ ਟਰੰਪ ਨੇ ਭਾਰਤੀ ਬਰਾਮਦ ‘ਤੇ ਟੈਰਿਫ ਨੂੰ ਦੁੱਗਣਾ ਕਰਕੇ 50 ਫੀਸਦ ਕਰ ਦਿੱਤਾ ਸੀ | ਇਸ ਵਿੱਚ ਭਾਰਤ ਵੱਲੋਂ ਰੂਸੀ ਕੱਚੇ ਤੇਲ ਦੀ ਖਰੀਦ ਕਰਕੇ ਲਾਇਆ 25 ਫੀਸਦ ਦਾ ਜੁਰਮਾਨਾ ਵੀ ਸ਼ਾਮਲ ਹੈ | ਟਰੰਪ ਨੇ ਹੋਰ ਕਿਹਾ ਕਿ ਕੀਵ ਨੂੰ ਮਾਸਕੋ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਕੀਤੇ ਜਾ ਰਹੇ ਹਮਲਿਆਂ ਨੂੰ ਖਤਮ ਕਰਨ ਬਦਲੇ ਤੇ ਸ਼ਾਂਤੀ ਬਹਾਲੀ ਲਈ ਆਪਣਾ ਕੁਝ ਇਲਾਕਾ ਛੱਡਣਾ ਪੈ ਸਕਦਾ ਹੈ | ਟਰੰਪ ਨੇ ਫੌਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਦਾਅਵਾ ਕੀਤਾ | ਟਰੰਪ ਨੇ ਕਿਹਾ ਕਿ ਯੂਕਰੇਨ ਨੂੰ ਸ਼ਾਂਤੀ ਲਈ ਜ਼ਮੀਨ ਛੱਡਣੀ ਪੈ ਸਕਦੀ ਹੈ | ਇੰਟਰਵਿਊ ਦੌਰਾਨ ਇਹ ਪੁੱਛੇ ਜਾਣ ‘ਤੇ ਕਿ ਕੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਯੂਕਰੇਨ ਤੋਂ ਜ਼ਮੀਨ ਦਾ ਅਹਿਮ ਟੁਕੜਾ ਲਏ ਬਿਨਾਂ’ ਜੰਗ ਖ਼ਤਮ ਕਰਨ ਲਈ ਸਹਿਮਤ ਹੋਣਗੇ ਤਾਂ ਟਰੰਪ ਨੇ ਜਵਾਬ ਦਿੱਤਾ : ”ਖੈਰ, ਉਹ (ਰੂਸ) ਕੁਝ ਲੈਣ ਜਾ ਰਿਹਾ ਹੈ | ਉਹ ਲੜੇ ਅਤੇ ਉਸ ਕੋਲ ਬਹੁਤ ਸਾਰੀ ਜਾਇਦਾਦ ਹੈ | ਉਸ ਨੇ ਕੁਝ ਜ਼ਮੀਨ ਜਿੱਤੀ ਹੈ |” ਟਰੰਪ ਨੇ ਕਿਹਾ, ”ਅਸੀਂ (ਅਮਰੀਕਾ) ਇਕਲੌਤਾ ਦੇਸ਼ ਹਾਂ, ਜੋ ਅੰਦਰ ਜਾਂਦਾ ਹੈ, ਜੰਗ ਜਿੱਤਦਾ ਹੈ ਅਤੇ ਫਿਰ ਚਲਾ ਜਾਂਦਾ ਹੈ |”