ਨਵੀਂ ਦਿੱਲੀ : ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਵਿਰੁੱਧ ਅਮਰੀਕਾ ਦੀਆਂ ਪਾਬੰਦੀਆਂ ਨਾਲ ਰਿਲਾਇੰਸ ਇੰਡਸਟਰੀਜ਼ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਪ੍ਰਭਾਵਿਤ ਹੋਣ ਦੀ ਉਮੀਦ ਹੈ, ਜਦੋਂ ਕਿ ਸਰਕਾਰੀ ਰਿਫਾਇਨਰੀਆਂ ਫਿਲਹਾਲ ਵਿਚੋਲੇ ਵਪਾਰੀਆਂ ਰਾਹੀਂ ਖਰੀਦ ਜਾਰੀ ਰੱਖ ਸਕਦੀਆਂ ਹਨ | ਉਦਯੋਗਿਕ ਸੂਤਰਾਂ ਨੇ ਦੱਸਿਆ ਕਿ ਜਨਤਕ ਖੇਤਰ ਦੀਆਂ ਇਕਾਈਆਂ ਪਾਲਣਾ ਦੇ ਜੋਖਮਾਂ ਦਾ ਮੁਲਾਂਕਣ ਕਰ ਰਹੀਆਂ ਹਨ, ਪਰ ਉਹ ਤੁਰੰਤ ਰੂਸੀ ਕੱਚੇ ਤੇਲ ਦੇ ਵਹਾਅ ਨੂੰ ਰੋਕਣ ਦੀ ਸੰਭਾਵਨਾ ਨਹੀਂ ਰੱਖਦੀਆਂ, ਕਿਉਂਕਿ ਉਹ ਆਪਣੀਆਂ ਲੱਗਭੱਗ ਸਾਰੀਆਂ ਜ਼ਰੂਰਤਾਂ ਵਪਾਰੀਆਂ, ਖਾਸ ਕਰਕੇ ਯੂਰਪੀਅਨ ਵਪਾਰੀਆਂ (ਜੋ ਪਾਬੰਦੀਆਂ ਦੇ ਘੇਰੇ ਤੋਂ ਬਾਹਰ ਹਨ) ਤੋਂ ਖਰੀਦਦੀਆਂ ਹਨ | ਉਨ੍ਹਾ ਕਿਹਾ ਕਿ ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਜੋ ਰੂਸੀ ਕੱਚੇ ਤੇਲ ਦੀ ਭਾਰਤ ਦੀ ਸਭ ਤੋਂ ਵੱਡੀ ਖਰੀਦਦਾਰ ਕੰਪਨੀ ਹੈ, ਨੂੰ ਆਪਣੀ ਦਰਾਮਦ ਦਾ ਮੁੜ ਮੁਲਾਂਕਣ ਕਰਨਾ ਪੈ ਸਕਦਾ ਹੈ ਕਿਉਂਕਿ ਇਹ ਰੂਸ ਦੀ ਰੋਸਨੇਫਟ ਤੋਂ ਸਿੱਧਾ ਕੱਚਾ ਤੇਲ ਖਰੀਦਦੀ ਹੈ, ਜਿਸ ‘ਤੇ ਹੁਣ ਪਾਬੰਦੀ ਲਗਾਈ ਗਈ ਹੈ | ਰਿਲਾਇੰਸ ਨੇ ਦਸੰਬਰ 2024 ਵਿੱਚ ਰੂਸ ਦੀ ਰੋਸਨੇਫਟ ਨਾਲ 25 ਸਾਲਾਂ ਲਈ ਰੋਜ਼ਾਨਾ 500,000 ਬੈਰਲ ਰੂਸੀ ਤੇਲ ਦੀ ਦਰਾਮਦ ਲਈ ਇੱਕ ਮਿਆਦੀ ਸੌਦਾ ਕੀਤਾ ਸੀ | ਇਹ ਵਿਚੋਲਿਆਂ ਤੋਂ ਵੀ ਤੇਲ ਖਰੀਦਦੀ ਹੈ |




