ਮਹਾਂ-ਗੱਠਬੰਧਨ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ, ਐੱਨ ਡੀ ਏ ਹੁਣ ਆਪਣਾ ਭਲਵਾਨ ਕੱਢੇ
ਪਟਨਾ : ‘ਇੰਡੀਆ’ ਗੱਠਜੋੜ ਨੇ ਵੀਰਵਾਰ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ | ਸੀਨੀਅਰ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੇ ‘ਇੰਡੀਆ’ ਗਠਜੋੜ ਦੇ ਸਾਰੇ ਸਹਿਯੋਗੀਆਂ ਦੀ ਹਾਜ਼ਰੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ | ਗਹਿਲੋਤ ਨੇ ਕਿਹਾ ਕਿ ਇਹ ਫੈਸਲਾ ਉਨ੍ਹਾ ਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਸਹਿਮਤੀ ਨਾਲ ਲਿਆ ਗਿਆ ਹੈ | ਗਹਿਲੋਤ ਨੇ ਕਿਹਾ ਕਿ ਜੇਕਰ ‘ਇੰਡੀਆ’ ਗੱਠਜੋੜ ਬਿਹਾਰ ਵਿਚ ਅਗਲੀ ਸਰਕਾਰ ਬਣਾਉਂਦਾ ਹੈ ਤਾਂ ਵਿਕਾਸਸ਼ੀਲ ਇਨਸਾਨ ਪਾਰਟੀ (ਵੀ ਆਈ ਪੀ) ਦੇ ਮੁਖੀ ਮੁਕੇਸ਼ ਸਾਹਨੀ ਉਪ ਮੁੱਖ ਮੰਤਰੀ ਹੋਣਗੇ | ਉਨ੍ਹਾ ਕਿਹਾ ਕਿ ਸਾਹਨੀ ਦੇ ਨਾਲ ਪੱਛੜੇ ਵਰਗ ਦੇ ਇੱਕ ਹੋਰ ਨੇਤਾ ਨੂੰ ਵੀ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ | ਗਹਿਲੋਤ ਨੇ ਕਿਹਾ ਕਿ ਤੇਜਸਵੀ ਯਾਦਵ ਸਾਡੇ ਨੇਤਾ ਹਨ | ਉਨ੍ਹਾ ਕਿਹਾ ਐੱਨ ਡੀ ਏ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ | ਸਿਰਫ਼ ਇਹ ਕਹਿਣਾ ਕਿ ਅਸੀਂ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਚੋਣਾਂ ਲੜਾਂਗੇ, ਕਾਫ਼ੀ ਨਹੀਂ ਹੋਵੇਗਾ | ਐਲਾਨ ਤੋਂ ਬਾਅਦ ਤੇਜਸਵੀ ਯਾਦਵ ਨੇ ਕਿਹਾ ਕਿ ਤੁਸੀਂ ਮੇਰੇ ‘ਤੇ ਵਿਸ਼ਵਾਸ ਪ੍ਰਗਟ ਕੀਤਾ ਹੈ | ਮੈਂ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ | ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਦੇ ਮੇਰੇ ‘ਤੇ ਕੀਤੇ ਗਏ ਵਿਸ਼ਵਾਸ ‘ਤੇ ਖਰਾ ਉਤਰਾਂਗਾ | ਮੈਂ 20 ਸਾਲ ਪੁਰਾਣੀ ਅਯੋਗ ਸਰਕਾਰ ਨੂੰ ਉਖਾੜ ਸੁੱਟਾਂਗਾ | ਮਹਾਂਗਠਜੋੜ ਦੀ ਸਾਂਝੀ ਪ੍ਰੈੱਸ ਕਾਨਫਰੰਸ 50 ਮਿੰਟ ਚੱਲੀ | 7 ਪਾਰਟੀਆਂ ਦੇ 14 ਆਗੂ ਇਸ ਵਿਚ ਸ਼ਾਮਿਲ ਹੋਏ | ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ | ਆਪਣੇ ਭਾਸ਼ਣਾਂ ਵਿਚ ਹਰੇਕ ਨੇ ਮਹਾਂਗਠਜੋੜ ਦੇ ਅੰਦਰ ਏਕਤਾ ਬਾਰੇ ਗੱਲ ਕੀਤੀ |



