ਚਾਰ ਧਾਮਾਂ ਦੇ ਰਾਹਾਂ ‘ਤੇ ਵਧਦਾ ਦਬਾਅ

0
105

ਉੱਤਰਾਖੰਡ ਦੇ ਚਾਰ ਧਾਮਾਂ ਵੱਲ ਜਾਂਦੇ ਰਾਹਾਂ ‘ਤੇ ਲੋਕਾਂ ਦੀ ਆਵਾਜਾਈ ਬਾਰੇ ਵਿਗਿਆਨੀਆਂ ਵੱਲੋਂ ਕੀਤੇ ਗਏ ਪਹਿਲੇ ਵਿਆਪਕ ਅਧਿਐਨ ਮੁਤਾਬਕ ਉਸ ਨਾਲੋਂ ਵੱਧ ਲੋਕ ਜਾਣ ਲੱਗ ਪਏ ਹਨ, ਜਿੰਨੇ ਕਿ ਇਹ ਨਾਜ਼ੁਕ ਹਿਮਾਲਿਆਈ ਖੇਤਰ ਬਰਦਾਸ਼ਤ ਕਰ ਸਕਦਾ ਹੈ | ਅਧਿਐਨ ਮੁਤਾਬਕ ਬਦਰੀਨਾਥ ਦਾ ਰਾਹ ਰੋਜ਼ਾਨਾ ਲਗਭਗ 15778, ਕੇਦਾਰਨਾਥ ਦਾ ਰਾਹ 13111, ਗੰਗੋਤਰੀ ਦਾ ਰਾਹ 8178 ਤੇ ਯਮੁਨੋਤਰੀ ਦਾ ਰਾਹ 6160 ਯਾਤਰੀ ਸਹਿ ਸਕਦਾ ਹੈ | ਉੱਤਰਾਖੰਡ ਸੈਰ-ਸਪਾਟਾ ਵਿਭਾਗ ਨੇ ਅੰਦਾਜ਼ਾ ਲਾਇਆ ਸੀ ਕਿ 2022 ਵਿੱਚ ਚਾਰ ਧਾਮਾਂ ਦੇ ਰਾਹਾਂ ‘ਤੇ ਕਰੀਬ 40 ਲੱਖ ਯਾਤਰੀ ਗੁਜ਼ਰੇ ਤੇ 2025 ਵਿੱਚ 60 ਲੱਖ ਦਾ ਅੰਦਾਜ਼ਾ ਹੈ, ਕਿਉਂਕਿ ਇਹ ਰਾਹ ਅਪ੍ਰੈਲ ਤੋਂ ਨਵੰਬਰ ਤੱਕ ਅੱਠ ਮਹੀਨੇ ਖੁੱਲ੍ਹਦੇ ਹਨ ਅਤੇ 40 ਲੱਖ ਸ਼ਰਧਾਲੂਆਂ ਦੀ ਯਾਤਰਾ ਦਾ ਰੋਜ਼ਾਨਾ ਔਸਤ 16600 ਬਣ ਜਾਂਦਾ ਹੈ | ਨਵਾਂ ਅਧਿਐਨ ਉਦੋਂ ਆਇਆ ਹੈ, ਜਦੋਂ ਸੈਲਾਨੀਆਂ ਦੀ ਵਧਦੀ ਗਿਣਤੀ ਅਤੇ ਬੁਨਿਆਦੀ ਢਾਂਚੇ ਦਾ ਵਿਸਥਾਰ ਵਾਰ-ਵਾਰ ਬਦਲਦੇ ਮੌਸਮ ਕਾਰਨ ਪਹਾੜਾਂ ‘ਤੇ ਦਬਾਅ ਵਧਾ ਰਿਹਾ ਹੈ | ਉੱਤਰਾਖੰਡ ਵਿੱਚ 2025 ਵਿੱਚ ਹੀ ਘੱਟੋ-ਘੱਟ ਤਿੰਨ ਵਾਰ ਚਾਣਚੱਕ ਹੜ੍ਹ ਆਏ | ਪੰਜ ਅਗਸਤ ਨੂੰ ਧਰਾਲੀ, 23 ਅਗਸਤ ਨੂੰ ਥਰਾਲੀ ਅਤੇ 15 ਅਗਸਤ ਨੂੰ ਦੇਹਰਾਦੂਨ ਦੇ ਸਹੱਸਤ੍ਰਧਾਰਾ ਤੇ ਤਪਕੇਸ਼ਵਰ ਮਹਾਂਦੇਵ ਵਿਖੇ | ਚਾਰ ਧਾਮ ਦੇ ਸਰਕਟ ਵਿੱਚ ਕਈ ਮੰਦਰ ਹਨ | ਬਦਰੀਨਾਥ ਵਿੱਚ 6, ਕੇਦਾਰਨਾਥ ਵਿੱਚ 10, ਗੰਗੋਤਰੀ ਵਿੱਚ 3 ਤੇ ਯਮੁਨੋਤਰੀ ਵਿੱਚ ਇੱਕ | ਇਸ ਤੋਂ ਇਲਾਵਾ ਝੀਲਾਂ, ਦਰਿਆਈ ਕੰਢੇ ਤੇ ਵਾਦੀਆਂ ਵੀ ਹਨ, ਜਿਹੜੀਆਂ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਬਰਾਬਰ ਖਿੱਚ ਪਾਉਂਦੀਆਂ ਹਨ | ਜਦੋਂ ਕੇਂਦਰ ਸਰਕਾਰ ਨੇ ਚਾਰ ਧਾਮਾਂ ਲਈ 899 ਕਿੱਲੋਮੀਟਰ ਸੜਕਾਂ ਨੂੰ ਚੌੜਾ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਤਾਂ ਮਾਹਰਾਂ ਨੇ ਕਿਹਾ ਸੀ ਕਿ ਸੜਕ ਨਿਰਮਾਣ ਦੇ ਢੰਗ ਨੇ ਪਹਾੜ ਖਿਸਕਣ ਦਾ ਖਤਰਾ ਵਧਾ ਦਿੱਤਾ ਹੈ | ਸੁਪਰੀਮ ਕੋਰਟ ਵੱਲੋਂ ਪ੍ਰੋਜੈਕਟ ਦੀ ਨਜ਼ਰਸਾਨੀ ਲਈ ਬਣਾਏ ਗਏ ਤਕਨੀਕੀ ਮਾਹਰਾਂ ਦੇ ਪੈਨਲ ਨੇ 2020 ਵਿੱਚ ਖਬਰਦਾਰ ਕੀਤਾ ਸੀ ਕਿ ਬਦਰੀਨਾਥ ਵੱਲ ਜਾਂਦੇ ਰਾਹ ਉੱਤੇ ਸਮਰੱਥਾ ਨਾਲੋਂ ਵੱਧ ਲੋਕ ਜਾ ਰਹੇ ਹਨ ਅਤੇ ਬਾਕੀ ਤਿੰਨ ਧਾਮਾਂ ਵੱਲ ਜਾਂਦੇ ਰਾਹਾਂ ‘ਤੇ ਵੀ 2025 ਤੱਕ ਲੋੜੋਂ ਵੱਧ ਲੋਕ ਜਾਣ ਲੱਗ ਪੈਣਗੇ | ਸੈਰ-ਸਪਾਟਾ ਵਿਭਾਗ ਨੇ 2019 ਵਿੱਚ ਥੋੜ੍ਹੇ ਲੋਕਾਂ ਦੇ ਜਾਣ ਦੀ ਹੀ ਜਾਣਕਾਰੀ ਦਿੱਤੀ ਸੀ—ਬਦਰੀਨਾਥ ਵੱਲ 6000, ਕੇਦਾਰਨਾਥ ਵੱਲ 4900, ਗੰਗੋਤਰੀ ਵੱਲ 2500 ਤੇ ਯਮੁਨੋਤਰੀ ਵੱਲ 2200 | ਵੀਰ ਚੰਦਰ ਸਿੰਘ ਗੜ੍ਹਵਾਲੀ ਉੱਤਰਾਖੰਡ ਯੂਨੀਵਰਸਿਟੀ ਆਫ ਹਾਰਟੀਕਲਚਰ ਐਂਡ ਫਾਰੈਸਟਰੀ ਵਿੱਚ ਜੰਗਲਾਤ ਵਸੀਲੇ ਪ੍ਰਬੰਧ ਵਿਭਾਗ ਦੇ ਮੁਖੀ ਪ੍ਰੋਫੈਸਰ ਜਗਦੀਸ਼ ਚੰਦਰ ਕੁਨਿਆਲ ਤੇ ਉਨ੍ਹਾ ਦੇ ਸਾਥੀਆਂ ਵੱਲੋਂ ਕੀਤੇ ਗਏ ਅਧਿਐਨ ਵਿੱਚ ਚਾਰ ਧਾਮਾਂ ‘ਤੇ ਬੋਝ ਘਟਾਉਣ ਲਈ ਹੋਰ ਸਹਿਯੋਗੀ ਸੈਰ-ਸਪਾਟਾ ਸਥਾਨ ਵਿਕਸਤ ਕਰਨ ਦੀ ਸਲਾਹ ਦਿੱਤੀ ਗਈ ਹੈ | ਇਸ ਨਾਲ ਜਿੱਥੇ ਚਾਰ ਧਾਮਾਂ ਦੀਆਂ ਸੜਕਾਂ ਨੂੰ ਸਾਹ ਆਵੇਗਾ, ਉੱਥੇ ਆਮਦਨ ਦੇ ਨਵੇਂ ਸਥਾਨ ਵੀ ਵਿਕਸਤ ਹੋਣਗੇ | ਟੀਮ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਚਾਣਚੱਕ ਆਉਣ ਵਾਲੇ ਹੜ੍ਹਾਂ ਤੋਂ ਬਚਣ ਲਈ ਦਰਿਆਵਾਂ ਦੇ ਕੰਢਿਆਂ ਤੋਂ 100 ਮੀਟਰ ਦੇ ਵਕਫੇ ‘ਤੇ ਹੋਟਲ-ਰੈਸਟੋਰੈਂਟ ਬਣਾਏ ਜਾਣ |
ਸੈਲਾਨੀਆਂ ਤੇ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਦੇ ਰਾਹ ਤੁਰੀਆਂ ਕੇਂਦਰ ਤੇ ਸੂਬਾਈ ਸਰਕਾਰਾਂ ਨੂੰ ਆਪਣੇ ਪੋ੍ਰਜੈਕਟ ਇਸ ਅਧਿਐਨ ਨੂੰ ਧਿਆਨ ਵਿੱਚ ਰੱਖ ਕੇ ਬਣਾਉਣੇ ਚਾਹੀਦੇ ਹਨ, ਵਰਨਾ ਤ੍ਰਾਸਦੀਆਂ ਨੂੰ ਰੋਕਣਾ ਅਸੰਭਵ ਹੋਵੇਗਾ | ਇਨ੍ਹਾਂ ਤ੍ਰਾਸਦੀਆਂ ਲਈ ਉਹ ਇਹ ਕਹਿ ਕੇ ਬਚ ਨਹੀਂ ਸਕਣਗੀਆਂ ਕਿ ਕੁਦਰਤ ਦੀ ਮਾਰ ਪੈ ਗਈ ਜਾਂ ਲੋਕ ਮੰਦਰਾਂ ਵਿੱਚ ਜਾਣੋਂ ਘਟ ਗਏ, ਜਿਸ ਕਰਕੇ ਦੇਵੀ-ਦੇਵਤਾ ਗੁੱਸੇ ਹੋ ਗਏ |