ਟਰੰਪ ਨੇ ਕੈਨੇਡਾ ਨਾਲ ਵਪਾਰਕ ਗੱਲਬਾਤ ਰੋਕੀ

0
104

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਕੈਨੇਡਾ ‘ਤੇ ਹਮਲਾ ਬੋਲਿਆ ਹੈ | ਉਨ੍ਹਾਂ ਨੇ ਕੈਨੇਡਾ ਨਾਲ ਵਪਾਰਕ ਗੱਲਬਾਤ ਨੂੰ ਰੋਕਣ ਦਾ ਐਲਾਨ ਕੀਤਾ ਹੈ | ਟਰੰਪ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਇੱਕ ਕੈਨੇਡੀਅਨ ਟੀ ਵੀ ਚੈਨਲ ‘ਤੇ ਅਮਰੀਕੀ ਟੈਰਿਫ ਦੀ ਆਲੋਚਨਾ ਕੀਤੀ ਜਾ ਰਹੀ ਹੈ, ਇਸ ਸਥਿਤੀ ਵਿੱਚ ਉਹ ਕੈਨੇਡਾ ਨਾਲ ਵਪਾਰਕ ਗੱਲਬਾਤ ਜਾਰੀ ਨਹੀਂ ਰੱਖ ਸਕਦੇ |
ਟਰੰਪ ਨੇ ਕਿਹਾ ਕਿ ਇਸ਼ਤਿਹਾਰ ਰਾਹੀਂ ਅਮਰੀਕੀ ਅਦਾਲਤਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਰੋਨਾਲਡ ਰੀਗਨ ਫਾਊਾਡੇਸ਼ਨ ਨੇ ਹੁਣੇ ਹੀ ਐਲਾਨ ਕੀਤਾ ਹੈ ਕਿ ਕੈਨੇਡਾ ਨੇ ਧੋਖਾਧੜੀ ਨਾਲ ਇੱਕ ਜਾਲ੍ਹੀ ਇਸ਼ਤਿਹਾਰ ਦੀ ਵਰਤੋਂ ਕੀਤੀ ਹੈ, ਜਿਸ ਵਿੱਚ ਰੋਨਾਲਡ ਰੀਗਨ ਟੈਰਿਫ ਬਾਰੇ ਨਕਾਰਾਤਮਕ ਬੋਲ ਰਿਹਾ ਹੈ | ਵਰਣਨਯੋਗ ਹੈ ਕਿ ਟਰੰਪ ਦੀਆਂ ਟਿੱਪਣੀਆਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਉਸ ਬਿਆਨ ਤੋਂ ਬਾਅਦ ਆਈਆਂ ਹਨ, ਜਿਸ ਵਿੱਚ ਉਨ੍ਹਾ ਕਿਹਾ ਹੈ ਕਿ ਉਹ ਟਰੰਪ ਦੇ ਟੈਰਿਫ ਤੋਂ ਪੈਦਾ ਹੋਏ ਖ਼ਤਰੇ ਕਾਰਨ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਨੂੰ ਆਪਣੇ ਦੇਸ਼ ਦੇ ਨਿਰਯਾਤ ਨੂੰ ਦੁੱਗਣਾ ਕਰਨ ਦਾ ਟੀਚਾ ਰੱਖ ਰਹੇ ਹਨ | ਉਨ੍ਹਾਂ ਕਿਹਾ ਕਿ ਅਮਰੀਕੀ ਟੈਰਿਫਾਂ ਕਾਰਨ ਨਿਵੇਸ਼ ਵਿੱਚ ਠਹਿਰਾਅ ਆ ਰਿਹਾ ਹੈ | ਉਹ 4 ਨਵੰਬਰ ਨੂੰ ਆਪਣੀ ਸਰਕਾਰ ਦਾ ਬਜਟ ਜਾਰੀ ਕਰਨਗੇ | ਉਨ੍ਹਾਂ ਕਿਹਾ, ”ਕੈਨੇਡਾ ਦੀਆਂ ਪੁਰਾਣੀਆਂ ਬਹੁਤ ਸਾਰੀਆਂ ਸਮੱਰਥਾਵਾਂ ਜੋ ਅਮਰੀਕਾ ਨਾਲ ਨਜ਼ਦੀਕੀ ਸੰਬੰਧਾਂ ‘ਤੇ ਆਧਾਰਤ ਸਨ, ਹੁਣ ਕਮਜ਼ੋਰ ਪੈ ਗਈਆਂ ਹਨ | ਸਾਡੇ ਉਦਯੋਗਾਂ ਵਿੱਚ ਕਾਮਿਆਂ ਦੀਆਂ ਨੌਕਰੀਆਂ ‘ਤੇ ਅਮਰੀਕੀ ਟੈਰਿਫਾਂ ਦਾ ਸਭ ਤੋਂ ਵੱਧ ਅਸਰ ਪਿਆ ਹੈ | ਉਨ੍ਹਾ ਕਿਹਾ ਅਮਰੀਕਾ ਨੇ ਵਪਾਰ ਪ੍ਰਤੀ ਆਪਣੀ ਪਹੁੰਚ ਨੂੰ ਬੁਨਿਆਦੀ ਤੌਰ ‘ਤੇ ਬਦਲ ਦਿੱਤਾ ਹੈ | ਆਪਣੇ ਟੈਰਿਫ ਵਧਾ ਕੇ ਉਨ੍ਹਾਂ ਪੱਧਰਾਂ ‘ਤੇ ਲਿਆਂਦਾ ਹੈ, ਜੋ ਮਹਾਂ ਮੰਦੀ ਦੌਰਾਨ ਆਖ਼ਰੀ ਵਾਰ ਦੇਖੇ ਗਏ ਸਨ | ਗੱਲਬਾਤ ਨੂੰ ਰੋਕਣ ਦਾ ਟਰੰਪ ਦਾ ਅਚਾਨਕ ਫੈਸਲਾ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਮਹੀਨਿਆਂ ਤੋਂ ਬਣੇ ਵਪਾਰਕ ਤਣਾਅ ਨੂੰ ਹੋਰ ਵਧਾ ਸਕਦਾ ਹੈ |