ਮਰਨ ਤੋਂ ਪਹਿਲਾਂ ਹੱਥ ‘ਤੇ ਲਿਖ ਕੇ ਗਈ ਜਬਰ-ਜ਼ਨਾਹ ਦੀ ਦਾਸਤਾਨ

0
81

ਪੁਣੇ : ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਨੇ ਖੁਦਕੁਸ਼ੀ ਕਰ ਲਈ ਅਤੇ ਖੁਦਕੁਸ਼ੀ ਨੋਟ ਵਿੱਚ ਦੋ ਪੁਲਸ ਕਰਮੀਆਂ ‘ਤੇ ਬਲਾਤਕਾਰ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ | ਇੱਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਫਲਟਨ ਦੇ ਇੱਕ ਹੋਟਲ ਦੇ ਕਮਰੇ ਵਿੱਚ ਪੀੜਤ ਦੀ ਲਾਸ਼ ਲਟਕਦੀ ਮਿਲੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ | ਮਿ੍ਤਕ ਬੀਡ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਫਲਟਨ ਤਹਿਸੀਲ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਕੰਮ ਕਰਦੀ ਸੀ | ਆਪਣੀ ਹਥੇਲੀ ‘ਤੇ ਲਿਖੇ ਸੁਸਾਈਡ ਨੋਟ ਵਿੱਚ ਪੀੜਤ ਨੇ ਦੋਸ਼ ਲਗਾਇਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਸਤਾਰਾ ਪੁਲਸ ਦੇ ਦੋ ਕਰਮਚਾਰੀਆਂ ਵੱਲੋਂ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਗਿਆ | ਉਸ ਨੇ ਲਿਖਿਆ ਕਿ ਸਬ-ਇੰਸਪੈਕਟਰ ਗੋਪਾਲ ਬਦਾਨੇ ਨੇ ਕਈ ਵਾਰ ਉਸ ਨਾਲ ਜਬਰ-ਜ਼ਨਾਹ ਅਤੇ ਜਿਨਸੀ ਸ਼ੋਸ਼ਣ ਕੀਤਾ | ਇੱਕ ਹੋਰ ਕਰਮਚਾਰੀ ਪ੍ਰਸ਼ਾਂਤ ਬਾਂਕਰ ਨੇ ਉਸ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ | ਸਤਾਰਾ ਪੁਲਸ ਅਨੁਸਾਰ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ | ਪੀੜਤ ਦੇ ਹੱਥ ‘ਤੇ ਲਿਖੇ ਸੁਸਾਈਡ ਨੋਟ ਵਿੱਚ ਲਾਏ ਗਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਇਸ ਦੌਰਾਨ ਮਹਾਰਾਸ਼ਟਰ ਮਹਿਲਾ ਕਮਿਸ਼ਨ ਦੀ ਮੁਖੀ ਰੂਪਾਲੀ ਚਾਕਣਕਰ ਨੇ ਕਿਹਾ, ‘ਅਸੀਂ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਸਤਾਰਾ ਪੁਲਸ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ | ਦੋਸ਼ੀਆਂ ਦੀ ਭਾਲ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ |
ਡਾਕਟਰ ਦੇ ਚਚੇਰੇ ਭਰਾ ਨੇ ਦੋਸ਼ ਲਾਇਆ ਹੈ ਕਿ ਉਸ ਉਪਰ ਭਾਰੀ ਪੁਲਸ ਤੇ ਰਾਜਨੀਤਿਕ ਦਬਾਅ ਸੀ | ਉਸ ਨੂੰ ਫਰਜ਼ੀ ਪੋਸਟ ਮਾਰਟਮ ਰਿਪੋਰਟਾਂ ਤਿਆਰ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ | ਇੱਕ ਏਜੰਸੀ ਨਾਲ ਗੱਲਬਾਤ ਕਰਦਿਆਂ ਚਚੇਰੇ ਭਰਾ ਨੇ ਕਿਹਾ ਕਿ ‘ਪਿਛਲੇ ਸਾਲ ਉਸ ਦੀ ਚਚੇਰੀ ਭੈਣ ਡਾਕਟਰ ਬਹੁਤ ਦਬਾਅ ਹੇਠ ਸੀ | ਉਸ ਨੇ ਇਸ ਸੰਬੰਧੀ ਡੀ ਸੀ ਪੀ ਨੂੰ ਸ਼ਿਕਾਇਤ ਵੀ ਕੀਤੀ ਸੀ ਪਰੰਤੂ ਕੋਈ ਕਾਰਵਾਈ ਨਹੀਂ ਹੋਈ | ਉਸ ਨੂੰ ਝੂਠੀਆਂ ਰਿਪੋਰਟਾਂ ਤਿਆਰ ਕਰਨ ਲਈ ਕਿਹਾ ਗਿਆ ਤੇ ਇਥੋਂ ਤੱਕ ਕਿ ਹਸਪਤਾਲ ਵਿੱਚ ਮਰੀਜ਼ ਦਾਖਲ ਵੀ ਨਹੀਂ ਹੋਇਆ ਪਰੰਤੂ ਉਸ ਨੂੰ ਮਰੀਜ਼ ਦੇ ਫਿੱਟ ਹੋਣ ਦੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ |’