ਵਿਨੀਪੈੱਗ : ਕੈਨੇਡਾ 7 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜਣ ਦੀ ਤਿਆਰੀ ਕਰ ਰਿਹਾ ਹੈ | ਕੈਨੇਡਾ ਵਿਚ ਗ਼ੈਰਕਨੂੰਨੀ ਤੌਰ ‘ਤੇ ਮੌਜੂਦ 32 ਹਜ਼ਾਰ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ, ਪਰ ਬਾਰਡਰ ਸਰਵਿਸਿਜ਼ ਵਾਲੇ ਇਨ੍ਹਾਂ ਦੀ ਪੈੜ ਨੱਪਣ ਵਿਚ ਹੁਣ ਤੱਕ ਕਾਮਯਾਬ ਨਹੀਂ ਹੋ ਸਕੇ | ਗ਼ੈਰਕਨੂੰਨੀ ਪਰਵਾਸੀਆਂ ਦਾ ਮੁੱਦਾ ਹਾਊਸ ਆਫ਼ ਕਾਮਨਜ਼ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਉੱਠਿਆ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਗੈਰੀ ਆਨੰਦਸੰਗਰੀ ਉੱਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ | ਟੋਰੀ ਐੱਮ ਪੀ ਫਰੈਂਕ ਕੈਪੁਟੋ ਨੇ ਡਿਪੋਰਟੇਸ਼ਨ ਲਿਸਟ ਵਿਚ ਸ਼ਾਮਲ ਪਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ, ਪਰ ਬਾਅਦ ਵਿਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਿਨ ਓ ਗੌਰਮਨ ਨੇ ਸਾਫ਼ ਤੌਰ ‘ਤੇ ਮੰਨਿਆ ਕਿ 32 ਹਜ਼ਾਰ ਗ਼ੈਰਕਨੂੰਨੀ ਪਰਵਾਸੀ ਫ਼ਰਾਰ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ | ਉਨ੍ਹਾ ਨਾਲ ਹੀ ਕਿਹਾ ਕਿ ਇਹ ਅੰਕੜਾ ਘੱਟ-ਵੱਧ ਹੋ ਸਕਦਾ ਹੈ |
ਕੈਨੇਡਾ—ਅਮਰੀਕਾ ਬਾਰਡਰ ਰਾਹੀਂ ਦਾਖਲ ਹੋਣ ਵਾਲੇ ਨਾਜਾਇਜ਼ ਪਰਵਾਸ ਦਾ ਜ਼ਿਕਰ ਕਰਦਿਆਂ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਇਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ 99 ਫ਼ੀਸਦੀ ਕਮੀ ਆਈ ਹੈ ਅਤੇ ਗ਼ੈਰਕਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਲਈ ਸੀ ਬੀ ਐੱਸ ਏ ਨੂੰ 55 ਮਿਲੀਅਨ ਡਾਲਰ ਦੇ ਵਾਧੂ ਫ਼ੰਡ ਮੁਹੱਈਆ ਕਰਵਾਏ ਜਾ ਰਹੇ | ਉਨ੍ਹਾ ਕਿਹਾ ਕਿ ਅਮਰੀਕਾ ਦੇ ਰਸਤੇ ਨਾਜਾਇਜ਼ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੀਆਂ ਸ਼ਰਨ ਸੰਬੰਧੀ ਅਰਜ਼ੀਆਂ ਵੀ ਸਿੱਧੇ ਤੌਰ ‘ਤੇ ਰੱਦ ਕਰ ਦਿੱਤੀਆਂ ਜਾਣਗੀਆਂ | ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਕੈਨੇਡਾ ਨੇ ਜਿਨ੍ਹਾਂ 398 ਸ਼ਰਨਾਰਥੀ ਦਾਅਵੇਦਾਰਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ, ਉਨ੍ਹਾਂ ਵਿਚੋਂ 146 ਨੂੰ ਅਮਰੀਕਾ ਵਾਪਸ ਭੇਜ ਦਿੱਤਾ ਗਿਆ ਹੈ, ਜਿੱਥੇ 116 ਦੀ ਨਾਗਰਿਕਤਾ ਹੈ | ਬਾਕੀਆਂ ਨੂੰ 53 ਦੇਸ਼ਾਂ ਵਿੱਚ ਭੇਜ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਹੈਤੀ (53), ਕੋਲੰਬੀਆ (24), ਤੁਰਕੀ (19) ਜਾਂ ਇਰਾਕ (15) ਭੇਜਿਆ ਗਿਆ ਸੀ | ਇਸ ਡਿਪੋਰਟੇਸ਼ਨ ਲਿਸਟ ਵਿਚ ਸਭ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ ਅਤੇ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੇ ਯਤਨ ਕੀਤੇ ਜਾ ਰਹੇ ਹਨ | ਐਨਾ ਹੀ ਨਹੀਂ ਮੌਜੂਦਾ ਵਰ੍ਹੇ ਦੌਰਾਨ 2 ਹਜ਼ਾਰ ਤੋਂ ਵੱਧ ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਸਾਲ ਦੇ ਅੰਤ ਤੱਕ ਅੰਕੜਾ ਹੋਰ ਵਧ ਸਕਦਾ ਹੈ |
ਗ਼ੈਰਕਨੂੰਨੀ ਪਰਵਾਸੀਆਂ ਦੀ ਫੜੋਫੜੀ ਵਾਸਤੇ ਪੁਲਸ ਵਿਭਾਗ ਦੀ ਸੇਵਾ ਵੀ ਲਈ ਜਾਵੇਗੀ |


