ਗਰਮੀ ’ਚ ਹੀਟਰ ਤੇ ਸਰਦੀ ’ਚ ਏ ਸੀ ਚਲਾ ਕੇ ਦਿੱਤੇ ਤਸੀਹੇ

0
100

ਅੰਬਾਲਾ : ਹਰਿਆਣਾ ਦੇ 54 ਨੌਜਵਾਨਾਂ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਏਜੰਸੀ ਨੇ ਡਿਪੋਰਟ ਕੀਤਾ ਹੈ। ਇਹ ਸਾਰੇ ਨੌਜਵਾਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲ ਹੋਏ ਸਨ ਅਤੇ ਇਨ੍ਹਾਂ ਨੂੰ ਕਈ ਮਹੀਨੇ ਤੱਕ ਉਥੋਂ ਦੇ ਡਿਟੈਨਸ਼ਨ ਸੈਂਟਰਾਂ ਵਿਚ ਰੱਖਿਆ ਗਿਆ। ਇਨ੍ਹਾਂ ਨੌਜਵਾਨਾਂ ਨੇ ਵਤਨ ਵਾਪਸੀ ’ਤੇ ਦੱਸਿਆ ਕਿ ਅਮਰੀਕਾ ਵਿਚ ਉਨ੍ਹਾਂ ਉੱਤੇ ਤਸ਼ੱਦਦ ਤੇ ਅੱਤਿਆਚਾਰ ਕੀਤਾ ਗਿਆ। ਗਰਮੀ ਸਮੇਂ ਹੀਟਰ ਤੇ ਸਰਦੀ ਵਿੱਚ ਏ ਸੀ ਚਲਾ ਕੇ ਉਨ੍ਹਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਖਾਣ-ਪੀਣ ਦੀ ਘਾਟ ਤੇ ਬੇਹੱਦ ਸਖਤ ਸੁਰੱਖਿਆ ਨਿਯਮਾਂ ਨੇ ਉਨ੍ਹਾਂ ਦੀ ਹਾਲਤ ਖਰਾਬ ਕਰ ਦਿੱਤੀ। ਇਨ੍ਹਾਂ ਡਿਪੋਰਟ ਹੋਏ ਨੌਜਵਾਨਾਂ ਵਿੱਚ ਸਭ ਤੋਂ ਵੱਧ ਕਰਨਾਲ ਦੇ 16, ਕੈਥਲ ਦੇ 14, ਅੰਬਾਲਾ ਤੇ ਕੁਰੂਕਸ਼ੇਤਰ ਦੇ 5-5, ਜੀਂਦ ਦੇ 4, ਫਤਿਹਾਬਾਦ ਦੇ 3 ਜਦਕਿ ਰੋਹਤਕ, ਹਿਸਾਰ ਅਤੇ ਪਲਵਲ ਦੇ ਕੁਝ ਨੌਜਵਾਨ ਸ਼ਾਮਲ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੈਕਸੀਕੋ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ, ‘‘ਡਿਟੈਨਸ਼ਨ ਸੈਂਟਰਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ। 14 ਮਹੀਨੇ ਤੱਕ ਅਸੀਂ ਬਿਨਾਂ ਕਿਸੇ ਗੁਨਾਹ ਦੇ ਬੰਦ ਰਹੇ।’’
ਹਰਿਆਣਾ ਦੇ ਕਿਰਤ ਮੰਤਰੀ ਅਨਿਲ ਵਿੱਜ ਨੇ ਨੌਜਵਾਨਾਂ ਨੂੰ ਬੇੜੀਆਂ ਪਾ ਕੇ ਡਿਪੋਰਟ ਕਰਨ ਦੇ ਮਾਮਲੇ ’ਤੇ ਤਿੱਖੀ ਪ੍ਰਤੀਕਿ੍ਰਆ ਦਿੱਤੀ ਹੈ। ਉਨ੍ਹਾ ਕਿਹਾ ਕਿ ਜੋ ਨੌਜਵਾਨ ਡੰਕੀ ਰੂਟ ਰਾਹੀਂ ਜਾਂਦੇ ਹਨ, ਉਹ ਗੈਰਕਾਨੂੰਨੀ ਤਰੀਕੇ ਨਾਲ ਜਾਂਦੇ ਹਨ, ਪਰ ਉਨ੍ਹਾਂ ਨੂੰ ਵਾਪਸ ਭੇਜਣ ਦੌਰਾਨ ਮਨੁੱਖਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹ ਵੀ ਇਨਸਾਨ ਹਨ, ਉਨ੍ਹਾਂ ਦੇ ਵੀ ਮਨੁੱਖੀ ਅਧਿਕਾਰ ਹਨ।