ਕਿਸਾਨ ਨੂੰ ਥਾਰ ਹੇਠ ਦਰੜਿਆ

0
84

ਭੋਪਾਲ : ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੇ ਪਿੰਡ ਗਣੇਸ਼ਪੁਰਾ ਵਿੱਚ ਐਤਵਾਰ ਸਥਾਨਕ ਭਾਜਪਾ ਆਗੂ ਤੇ ਉਸ ਦੇ ਸਾਥੀਆਂ ਨੇ 40 ਸਾਲਾ ਕਿਸਾਨ ਰਾਮ ਸਵਰੂਪ ਧਾਕੜ ਨੂੰ ਵੱਢਣ-ਟੁੱਕਣ ਤੋਂ ਬਾਅਦ ਉਸ ’ਤੇ ਥਾਰ ਚੜ੍ਹਾ ਕੇ ਮਾਰ ਦਿੱਤਾ। ਇਸ ਹਮਲੇ, ਜਿਸ ’ਚ ਕਿਸਾਨ ਦੀਆਂ ਧੀਆਂ ਤੇ ਪਤਨੀ ਵੀ ਜ਼ਖਮੀ ਹੋਈਆਂ ਹਨ, ਨੇ 2021 ਦੀ ਯੂ ਪੀ ਦੇ ਲਖੀਮਪੁਰ ਖੀਰੀ ਦੀ ਯਾਦ ਤਾਜ਼ਾ ਕਰ ਦਿੱਤੀ ਹੈ, ਜਿੱਥੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਦੇ ਬੇਟੇ ਆਸ਼ਿਸ਼ ਮਿਸ਼ਰਾ ਨੇ ਪ੍ਰੋਟੈੱਸਟ ਕਰ ਰਹੇ ਕਿਸਾਨਾਂ ’ਤੇ ਥਾਰ ਚੜ੍ਹਾ ਦਿੱਤੀ ਸੀ।
ਪੁਲਸ ਮੁਤਾਬਕ ਘਟਨਾ ਫਤਿਹਗੜ੍ਹ ਥਾਣੇ ਦੇ ਇਲਾਕੇ ਵਿੱਚ ਵਾਪਰੀ। ਧਾਕੜ ਆਪਣੀ ਪਤਨੀ ਨਾਲ ਸਵੇਰੇ ਖੇਤ ਵੱਲ ਜਾ ਰਿਹਾ ਸੀ। ਐੱਫ ਆਈ ਆਰ ਵਿੱਚ ਭਾਜਪਾ ਆਗੂ ਮਹਿੰਦਰ ਨਾਗਰ, ਉਸ ਦੇ ਪਰਵਾਰ ਦੀਆਂ ਤਿੰਨ ਮਹਿਲਾਵਾਂ ਤੇ 14 ਹੋਰਨਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਪੁਲਸ ਰਿਪੋਰਟ ਮੁਤਾਬਕ ਨਾਗਰ ਤੇ ਉਸ ਦੇ ਸਾਥੀਆਂ ਨੇ ਧਾਕੜ ਨੂੰ ਘੇਰ ਕੇ ਡਾਂਗਾਂ ਤੇ ਰਾਡਾਂ ਨਾਲ ਕੁੱਟਿਆ ਤੇ ਫਿਰ ਥਾਰ ਚੜ੍ਹਾ ਦਿੱਤੀ। ਧਾਕੜ ਦੇ ਪਰਵਾਰ ਨੇ ਦੱਸਿਆ ਕਿ ਨਾਗਰ ਇਲਾਕੇ ਦੇ ਨਿੱਕੇ ਕਿਸਾਨਾਂ ਨੂੰ ਧਮਕਾਉਦਾ ਸੀ ਕਿ ਉਹ ਆਪਣੀ ਜ਼ਮੀਨ ਉਸ ਨੂੰ ਘੱਟ ਭਾਅ ’ਤੇ ਵੇਚ ਦੇਣ। ਉਨ੍ਹਾਂ ਵੱਲੋਂ ਨਾਂਹ ਕਰਨ ’ਤੇ ਉਸ ਨੇ ਮਾਰੂ ਹਮਲਾ ਕੀਤਾ। ਕੁੜੀਆਂ ਨੇ ਦੱਸਿਆ ਕਿ ਜਦੋਂ ਉਹ ਮਾਪਿਆਂ ਦੀਆਂ ਚੀਕਾਂ ਸੁਣ ਕੇ ਮਦਦ ਲਈ ਪੁੱਜੀਆਂ ਤਾਂ ਉਨ੍ਹਾਂ ਨੂੰ ਵੀ ਕੁੱਟਿਆ ਤੇ ਬੇਇੱਜ਼ਤ ਕੀਤਾ ਗਿਆ। ਇੱਕ ਧੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਉਹ ਮੇਰੇ ’ਤੇ ਬੈਠ ਗਏ, ਮੇਰੇ ਕੱਪੜੇ ਪਾੜ ਦਿੱਤੇ। ਮੇਰੇ ’ਤੇ ਗੋਲੀ ਵੀ ਚਲਾਈ। ਮੇਰੀ ਮਾਂ ਨੇ ਜਦੋਂ ਪਿਤਾ ਨੂੰ ਬਚਾਉਣ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਉਨ੍ਹਾਂ ਪਿਤਾ ’ਤੇ ਥਾਰ ਚੜ੍ਹਾ ਦਿੱਤੀ।’
ਧਾਕੜ ਦੇ ਭਰਾ ਰਾਮ ਕੁਮਾਰ ਨੇ ਦੱਸਿਆ ਕਿ ਹਮਲਾਵਰ ਕਰੀਬ ਇੱਕ ਘੰਟਾ ਹਮਲਾ ਕਰਦੇ ਰਹੇ। ਉਨ੍ਹਾਂ ਦੋਹਾਂ ਕੁੜੀਆਂ ਦੇ ਕੱਪੜੇ ਪਾੜ ਦਿੱਤੇ। ਗੋਲੀਆਂ ਚਲਾਉਣ ਕਰਕੇ ਉਹ ਡਰ ਗਏ। ਹਮਲਾਵਰਾਂ ਨੇ ਰਾਮ ਸਵਰੂਪ ਨੂੰ ਹਸਪਤਾਲ ਨਹੀਂ ਲਿਜਾਣ ਦਿੱਤਾ। ਉਹ ਕਰੀਬ ਇੱਕ ਘੰਟਾ ਉਸ ਦੇ ਕੋਲ ਬੰਦੂਕਾਂ ਲੈ ਕੇ ਖੜ੍ਹੇ ਰਹੇ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਹ ਜ਼ਖਮਾਂ ਦੀ ਤਾਬ ਨਾਲ ਝਲਦਿਆਂ ਦਮ ਤੋੜ ਗਿਆ। ਗਣੇਸ਼ਪੁਰਾ ਦੇ ਲੋਕਾਂ ਨੇ ਦੱਸਿਆ ਕਿ ਨਾਗਰ ਦੀਆਂ ਧਮਕੀਆਂ ਕਾਰਨ ਕਰੀਬ 25 ਲੋਕ ਸਸਤੇ ਭਾਅ ’ਤੇ ਜ਼ਮੀਨਾਂ ਵੇਚ ਕੇ ਪਿੰਡ ਛੱਡ ਚੁੱਕੇ ਹਨ। ਰਾਮ ਸਵਰੂਪ ਨੇ ਆਪਣੀ 12 ਵਿਘਾ ਜ਼ਮੀਨ ਉਸ ਨੂੰ ਵੇਚਣ ਤੋਂ ਨਾਂਹ ਕਰ ਦਿੱਤੀ ਸੀ। ਨਾਗਰ ਭਾਜਪਾ ਦੀ ਸਥਾਨਕ ਬੂਥ ਕਮੇਟੀ ਦਾ ਚੇਅਰਮੈਨ ਹੈ। ਉਹ ਪਾਰਟੀ ਦੇ ਜ਼ਿਲ੍ਹਾ ਕਿਸਾਨ ਵਿੰਗ ਦਾ ਅਹੁਦੇਦਾਰ ਵੀ ਰਹਿ ਚੁੱਕਿਆ ਹੈ। ਮਹਿੰਦਰ ਨਾਗਰ ਪਹਿਲਾਂ ਕਾਂਗਰਸ ਵਿੱਚ ਹੁੰਦਾ ਸੀ ਅਤੇ 2000 ਵਿੱਚ ਜਿਓਤਿਰਾਦਿੱਤਿਆ ਸਿੰਧੀਆ ਵੱਲੋਂ ਕਾਂਗਰਸ ਸਰਕਾਰ ਉਲਟਾਉਣ ਵੇਲੇ ਉਸ ਦੇ ਨਾਲ ਹੀ ਭਾਜਪਾ ਵਿੱਚ ਆ ਗਿਆ ਸੀ। ਸਿੰਧੀਆ ਗੁਨਾ ਤੋਂ ਲੋਕ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਹੈ।