ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਸਜ਼ਾ ’ਤੇ ਰੋਕ ਲਗਾਉਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਸ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਲਈ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਹੈ, ਇਸ ਲਈ ਇਸ ਪੜਾਅ ’ਤੇ ਤੁਰੰਤ ਦਖਲ ਦੀ ਕੋਈ ਲੋੜ ਨਹੀਂ ਜਾਪਦੀ। ਵਿਧਾਇਕ ਲਾਲਪੁਰਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਜੇਕਰ ਸਜ਼ਾ ’ਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਆਪਣੇ ਆਪ ਰੱਦ ਹੋ ਜਾਵੇਗੀ, ਜਿਸ ਨਾਲ ਹਲਕੇ ’ਚ ਨਵੇਂ ਸਿਰਿਓਂ ਚੋਣਾਂ ਕਰਵਾਉਣੀਆਂ ਪੈਣਗੀਆਂ, ਪਰ ਅਦਾਲਤ ਨੇ ਇਸ ਦਲੀਲ ਵੱਲ ਕੋਈ ਤਵੱਜੋ ਨਹੀਂ ਦਿੱਤੀ। ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਅਗਲੇ ਮਹੀਨੇ ਲਈ ਮੁਲਤਵੀ ਕਰ ਦਿੱਤੀ ਅਤੇ ਰਾਜ ਨੂੰ ਨਿਰਦੇਸ਼ ਦਿੱਤਾ ਕਿ ਉਹ ਅਗਲੀ ਤਰੀਕ ਨੂੰ ਪੂਰਾ ਕੇਸ ਰਿਕਾਰਡ ਅਦਾਲਤ ’ਚ ਪੇਸ਼ ਕਰੇ।
ਟਾਟਿਆਂ ਨੇ ਮਿਸਤਰੀ ਕੀਤਾ ਬਾਹਰ
ਮੁੰਬਈ : ਟਾਟਾ ਸਨਜ਼ ’ਤੇ ਕਬਜ਼ੇ ਦੀ ਲੜਾਈ ਨਵੇਂ ਦੌਰ ਵਿੱਚ ਦਾਖਲ ਹੋ ਗਈ ਜਦੋਂ ਰਤਨ ਟਾਟਾ ਦੇ ਕਰੀਬੀ ਰਹੇ ਮੇਹਲੀ ਮਿਸਤਰੀ ਨੂੰ ਸਰ ਦੋਰਾਬਜੀ ਟਾਟਾ ਟਰੱਸਟ ਤੇ ਸਰ ਰਤਨ ਟਾਟਾ ਟਰੱਸਟ ਦੇ ਬੋਰਡ ਤੋਂ ਬਾਹਰ ਕਰ ਦਿੱਤਾ ਗਿਆ। ਛੇ ਵਿੱਚੋਂ ਤਿੰਨ ਟਰੱਸਟੀਆਂ ਨੇ ਉਸਨੂੰ ਦੁਬਾਰਾ ਬੋਰਡ ਵਿੱਚ ਲੈਣ ਦੇ ਖਿਲਾਫ ਵੋਟ ਪਾਈ। ਡੇਰੀਅਸ ਖੰਬਾਟਾ, ਪ੍ਰਮੀਤ ਝਾਵੇਰੀ ਤੇ ਜਹਾਂਗੀਰ ਐੱਚ ਸੀ ਜਹਾਂਗੀਰ ਨੇ ਸਹਿਮਤੀ ਵਿੱਚ ਵੋਟ ਪਾਈ ਪਰ ਨੋਏਲ ਟਾਟਾ ਸਣੇ ਤਿੰਨ ਨੇ ਵਿਰੁੱਧ। ਹਾਲਾਂਕਿ ਵੋਟਾਂ ਬਰਾਬਰ ਰਹੀਆਂ ਪਰ ਟਰੱਸਟਾਂ ਦੇ ਨਿਯਮ ਮੁਤਾਬਕ ਸਾਰਿਆਂ ਦੀ ਸਹਿਮਤੀ ਜ਼ਰੂਰੀ ਹੈ। ਜੇ ਇੱਕ ਵੀ ਵਿਰੁੱਧ ਵੋਟ ਪਾ ਦੇਵੇ ਤਾਂ ਕੋਈ ਟਰੱਸਟੀ ਨਹੀਂ ਬਣ ਸਕਦਾ। ਟਾਟਾ ਟਰੱਸਟਾਂ ਵਿੱਚ ਸਰ ਰਤਨ ਟਾਟਾ ਟਰੱਸਟ ਸਣੇ ਕੁਝ ਹੋਰ ਟਰੱਸਟ ਹਨ। ਇਹ ਟਾਟਾ ਸਨਜ਼ ਦੇ 66 ਫੀਸਦੀ ਸ਼ੇਅਰਾਂ ’ਤੇ ਕੰਟਰੋਲ ਕਰਦੇ ਹਨ। ਟਾਟਾ ਸਨਜ਼ ਵਿੱਚ ਟੀ ਸੀ ਐੱਸ, ਟਾਟਾ ਸਟੀਲ ਤੇ ਟਾਟਾ ਮੋਟਰਜ਼ ਵਰਗੀਆਂ ਕੰਪਨੀਆਂ ਹਨ। ਮਿਸਤਰੀ 2022 ਤੋਂ ਸਰ ਦੋਰਾਬਜੀ ਟਾਟਾ ਟਰੱਸਟ ਤੇ ਸਰ ਰਤਨ ਟਾਟਾ ਟਰੱਸਟ ਦੇ ਟਰੱਸਟੀ ਸਨ।




