ਹੁਣ 1076 ਡਾਇਲ ਕਰਨ ’ਤੇ ਘਰ ਆ ਕੇ ਕੰਮ ਕਰਨਗੇ ਕਰਮਚਾਰੀ
ਲੁਧਿਆਣਾ : ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਜਵਾਬਦੇਹ ਸ਼ਾਸਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਇਕ ਹੋਰ ਨਾਗਰਿਕ ਕੇਂਦਰਤ ਪਹਿਲਕਦਮੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਜਨਤਾ ਦੀ ਸਹੂਲਤ ਲਈ ਫੇਸਲੈੱਸ ਆਰ ਟੀ ਓ ਸੇਵਾਵਾਂ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਇਸ ਸਕੀਮ ਦੀ ਸ਼ੁਰੂਆਤ ਸਮੇਂ ਭਿ੍ਰਸ਼ਟਾਚਾਰ ਦੇ ਯੁੱਗ ਨੂੰ ਖ਼ਤਮ ਕਰਨ ਦੇ ਪ੍ਰਤੀਕ ਵਜੋਂ ਇੱਥੇ ਆਰ ਟੀ ਓ ਦਫ਼ਤਰ ਨੂੰ ਤਾਲਾ ਲਗਾਇਆ।ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਸੂਬੇ ਦੇ ਲੋਕ ਨੌਕਰਸ਼ਾਹੀ ਅਤੇ ਉਸ ਦੇ ਭਿ੍ਰਸ਼ਟ ਕੰਮਾਂ ਦੇ ਗੁਲਾਮ ਬਣ ਗਏ ਸਨ। ਉਨ੍ਹਾ ਕਿਹਾ ਕਿ ਅੱਜ ਪੰਜਾਬ ਇਸ ਗੁਲਾਮੀ ਤੋਂ ਮੁਕਤ ਹੋ ਗਿਆ ਹੈ ਅਤੇ ਹੁਣ ਲੋਕ 1076 ’ਤੇ ਕਾਲ ਕਰ ਕੇ ਆਪਣਾ ਡਰਾਈਵਿੰਗ ਲਾਇਸੈਂਸ, ਰਜਿਸਟਰੇਸ਼ਨ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਪ੍ਰਾਪਤ ਕਰ ਸਕਣਗੇ। ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਤੇ ਹੋਰ ਹਾਜ਼ਰ ਸਨ।





