ਪਟਿਆਲਾ : ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਦਾ ਅਦਾਰੇ ਪ੍ਰਤੀ, ਵਰਕਰਾਂ ਦੀਆਂ ਮੁਸ਼ਕਲਾਂ ਅਤੇ ਲੋੜਾਂ ਵੱਲ ਕੋਈ ਸੰਜੀਦਾ ਤਰੀਕੇ ਨਾਲ ਧਿਆਨ ਨਾ ਦਿੱਤੇ ਜਾਣ ਕਾਰਨ ਅਦਾਰੇ ਅਤੇ ਵਰਕਰਾਂ ਦੀਆਂ ਸੇਵਾ ਹਾਲਤਾਂ ਅਤੇ ਵਿੱਤੀ ਮੁਸ਼ਕਲਾਂ ਗੰਭੀਰ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ। ਅਜਿਹੇ ਹਾਲਾਤ ਦਾ ਨੋਟਿਸ ਲੈਂਦਿਆਂ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਨੇ ਨੁਮਾਇੰਦਿਆਂ ਸਰਵਸ੍ਰੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਮਨਜਿੰਦਰ ਕੁਮਾਰ ਬੱਬੂ, ਨਸੀਬ ਚੰਦ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਵਿਸਥਾਰ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪ੍ਰਾਈਵੇਟ ਬੱਸ ਮਾਫੀਏ ਦੇ ਚੁੰਗਲ ਵਿੱਚ ਫਸੀ ਹੋਈ ਨਜ਼ਰ ਆ ਰਹੀ ਹੈ ਕਿਉਕਿ ਸਰਕਾਰ ਨੇ ਆਪਣੇ 4 ਸਾਲ ਦੇ ਕਾਰਜਕਾਲ ਵਿੱਚ ਇੱਕ ਵੀ ਨਵੀਂ ਬੱਸ ਇਸ ਅਦਾਰੇ ਵਿੱਚ ਨਹੀਂ ਪੈਣ ਦਿੱਤੀ, ਜਦ ਕਿ ਬੱਸਾਂ ਦੀ ਖਰੀਦ ਲਈ ਸਰਕਾਰ ਨੇ ਪੀ.ਆਰ.ਟੀ.ਸੀ. ਨੂੰ ਕੋਈ ਪੈਸਾ ਵੀ ਨਹੀਂ ਦੇਣਾ ਸੀ। ਇਸੇ ਤਰ੍ਹਾਂ ਸਰਕਾਰ ਆਪਣਾ ਰਾਜਨੀਤਕ ਫਾਇਦਾ ਲੈਣ ਲਈ ਜੋ ਮੁਫ਼ਤ ਸਫਰ ਦੀਆਂ ਸਹੂਲਤਾਂ ਔਰਤਾਂ ਅਤੇ ਹੋਰ ਕਈ ਕੈਟਾਗਰੀਆਂ ਨੂੰ ਦੇ ਰਹੀ ਹੈ, ਉਹਨਾਂ ਬਦਲੇ ਬਣਦੇ ਲੱਗਭੱਗ 600 ਕਰੋੜ ਰੁਪਏ ਦੇ ਬਕਾਏ ਨਹੀਂ ਦੇ ਰਹੀ, ਜਿਸ ਦਾ ਖਮਿਆਜ਼ਾ ਕਰਮਚਾਰੀ ਭੁਗਤ ਰਹੇ ਹਨ। ਕਿਉਕਿ ਉਨ੍ਹਾਂ ਨੂੰ ਹਰ ਮਹੀਨੇ ਤਨਖਾਹ/ਪੈਨਸ਼ਨ ਸਮੇਂ ਸਿਰ ਨਹੀਂ ਮਿਲਦੀ ਅਤੇ ਘੱਟੋ-ਘੱਟ ਹੋਰ 150 ਕਰੋੜ ਰੁਪਏ ਦੇ ਬਕਾਏ ਵੀ ਵਰਕਰਾਂ ਦੇ ਪੀ.ਆਰ.ਟੀ.ਸੀ. ਵੱਲ ਖੜੇ ਹਨ। ਸਰਕਾਰ ਵੱਲੋਂ ਮੈਨੇਜਿੰਗ ਡਾਇਰੈਕਟਰ ਦੀ ਤਾਇਨਾਤੀ ਦੇ ਹੁਕਮ ਨਹੀਂ ਕੀਤੇ ਜਾ ਰਹੇ। ਮੈਨੇਜਮੈਂਟ ਨੇ ਬਿਨਾਂ ਵਜ੍ਹਾ ਤੋਂ ਵਰਕਰਾਂ ਦੀਆਂ ਤਰੱਕੀਆਂ ਦੀਆਂ ਫਾਈਲਾਂ ਦੱਬ ਕੇ ਰੱਖੀਆਂ ਹੋਈਆਂ ਹਨ।ਪੰਜਾਬ ਸਰਕਾਰ ਪੀ.ਆਰ.ਟੀ.ਸੀ. ਦੇ ਪ੍ਰਬੰਧਕਾਂ ’ਤੇ ਦਬਾਅ ਪਾ ਕੇ ਪੁਰਾਣਾ ਬੱਸ ਅੱਡਾ ਪਟਿਆਲਾ ਅਤੇ ਇੱਥੋਂ ਦੀ ਵਰਕਸ਼ਾਪ ਦੀ ਜਗ੍ਹਾ ਵੇਚਣ ਦਾ ਤੇਜ਼ੀ ਨਾਲ ਯਤਨ ਕਰ ਰਹੀ ਹੈ।ਜਿਸ ਦਾ ਕਿ ਵਰਕਰਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ।ਸੇਵਾ ਮੁਕਤ ਕਰਮਚਾਰੀਆਂ ਦੇ ਸੇਵਾ-ਮੁਕਤੀ ਲਾਭ ਇੱਕ ਸਾਲ ਤੋਂ ਵੱਧ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ। ਸਰਕਾਰ ਵੱਲੋਂ ਟੀ.ਏ. ਰੂਲਾਂ ਵਿੱਚ ਕੀਤੀ ਸੁਧਾਈ ਲਾਗੂ ਨਾ ਕਰਕੇ ਪ੍ਰਬੰਧਕ ਵਰਕਰਾਂ ਦਾ ਘੋਰ ਆਰਥਿਕ ਸ਼ੋਸ਼ਣ ਕਰ ਰਹੇ ਹਨ। ਸਰਕਾਰ ਦੇ ਫੈਸਲੇ ਮੁਤਾਬਿਕ 01-04-2004 ਤੋਂ ਪਹਿਲਾਂ ਭਰਤੀ ਹੋਏ ਵਰਕਰਾਂ ਨੂੰ ਪੈਨਸ਼ਨ ਦਾ ਹੱਕਦਾਰ ਨਹੀਂ ਬਣਾਇਆ ਗਿਆ।ਰਿੱਟ ਨੰ: 8240 ਰਾਹੀਂ ਰੈਗੂਲਰ ਹੋਏ ਕਰਮਚਾਰੀਆਂ ਦਾ ਜੀ.ਪੀ. ਫੰਡ ਨਾ ਕੱਟ ਕੇ ਪੈਨਸ਼ਨ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।ਵਿਵਾਦਗ੍ਰਸਤ ਕਿਲੋਮੀਟਰ ਸਕੀਮ ਅਧੀਨ ਬੱਸ ਪਾਉਣ ਦੀ ਜ਼ਿੱਦ ਨਹੀਂ ਛੱਡੀ ਜਾ ਰਹੀ। ਪਟਿਆਲਾ ਵਿਖੇ ਨਵੇਂ ਬੱਸ ਸਟੈਂਡ ਵਿੱਚ ਬਣੀ ਵਰਕਸ਼ਾਪ ਵਿੱਚ ਅਨੇਕਾਂ ਕਮੀਆਂ ਹਨ, ਜਿਨ੍ਹਾਂ ਕਰਕੇ ਜਿੱਥੇ ਵਰਕਰਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ, ਉੱਥੇ ਹੀ ਅਦਾਰੇ ਦਾ ਕੰਮ ਵੀ ਸੁਚਾਰੂ ਢੰਗ ਨਾਲ ਨਹੀਂ ਚੱਲ ਰਿਹਾ।ਪਟਿਆਲਾ ਦੇ ਨਵੇਂ ਬੱਸ ਸਟੈਂਡ ਦੀ ਉਸਾਰੀ ਦਾ ਮਿਆਰ ਵੀ ਸਬ ਸਟੈਂਡਰਡ ਹੈ ਅਤੇ ਉਸਾਰੀ ਦੀ ਯੋਜਨਾਬੰਦੀ ਵੀ ਠੀਕ ਨਹੀਂ ਕਿਉਕਿ ਕਈ ਵੱਡੇ-ਛੋਟੇ ਹਾਲ ਬੇਲੋੜੇ ਬਣਾ ਦਿੱਤੇ ਗਏ ਹਨ।ਐਕਸ਼ਨ ਕਮੇਟੀ ਨੇ ਪੀ.ਆਰ.ਟੀ.ਸੀ. ਦੇ ਸਮੁੱਚੇ ਕਰਮਚਾਰੀਆਂ ਨੂੰ ਅਤੇ ਸੇਵਾ-ਮੁਕਤ ਕਰਮਚਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਇਨ੍ਹਾਂ ਅਹਿਮ ਮੁੱਦਿਆਂ ਨੂੰ ਲੈ ਕੇ 11 ਨਵੰਬਰ ਨੂੰ ਕੀਤੀ ਜਾ ਰਹੀ ਰੋਸ ਰੈਲੀ ਅਤੇ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਨਵਾਂ ਬੱਸ ਸਟੈਂਡ ਪਟਿਆਲਾ ਵਿੱਚ ਪਹੁੰਚਣ।



