ਸੰਘ ’ਤੇ ਪਾਬੰਦੀ ਲੱਗੇ : ਖੜਗੇ

0
87

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ’ਤੇ ਦੁਬਾਰਾ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਵਿੱਚ ਜ਼ਿਆਦਾਤਰ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਹੈ। ਉਨ੍ਹਾ ਇਹ ਵੀ ਕਿਹਾ ਕਿ ਇਹ ਉਨ੍ਹਾ ਦੇ ਨਿੱਜੀ ਵਿਚਾਰ ਹਨ।
ਕਾਂਗਰਸ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਨੂੰ ਸੱਚ ਵਿੱਚ ਬਦਲਣ ਵਿੱਚ ਮਾਹਰ ਹਨ। ਉਨ੍ਹਾ ਕਿਹਾ ਕਿ ਪਟੇਲ ਨੇ ਭਾਰਤ ਦੇ ਧਰਮਨਿਰਪੱਖ ਅਤੇ ਲੋਕਤੰਤਰੀ ਚਰਿੱਤਰ ਦੀ ਰੱਖਿਆ ਲਈ ਆਰ ਐੱਸ ਐੱਸ ’ਤੇ ਪਾਬੰਦੀ ਲਗਾਈ ਸੀ। ਉਨ੍ਹਾ ਕਿਹਾ, “ਜੇ ਤੁਸੀਂ ਹਰ ਚੀਜ਼ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਉਂਦੇ ਹੋ, ਤਾਂ ਆਪਣੇ ਕੰਮਾਂ ਵੱਲ ਦੇਖੋ। ਤੁਸੀਂ ਸੱਚ ਨੂੰ ਮਿਟਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਇਹ ਮਿਟੇਗਾ ਨਹੀਂ। ਉਹ (ਪ੍ਰਧਾਨ ਮੰਤਰੀ ਅਤੇ ਭਾਜਪਾ) ਹਮੇਸ਼ਾ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ, ਸਰਦਾਰ ਵੱਲਭ ਭਾਈ ਪਟੇਲ ਵਿਚਕਾਰ ਟਕਰਾਅ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ। ਨਹਿਰੂ ਅਤੇ ਪਟੇਲ ਦੇ ਬਹੁਤ ਚੰਗੇ ਸੰਬੰਧ ਸਨ ਅਤੇ ਪਟੇਲ ਨੇ ਨਹਿਰੂ ਨੂੰ ਲੋਕਾਂ ਦਾ ਨੇਤਾ ਦੱਸਿਆ ਸੀ।’’
ਉਨ੍ਹਾ ਕਿਹਾ, “ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਹਰ ਕੋਈ ਤੁਹਾਡਾ ਇਤਿਹਾਸ ਜਾਣਦਾ ਹੈ। ਨਹਿਰੂ ਪਹਿਲੇ ਵਿਅਕਤੀ ਸਨ ਜਿਨ੍ਹਾ ਨੇ ਗੁਜਰਾਤ ਵਿੱਚ ਪਟੇਲ ਦੀ ਮੂਰਤੀ ਦਾ ਉਦਘਾਟਨ ਕੀਤਾ ਅਤੇ ਸਰਦਾਰ ਸਰੋਵਰ ਡੈਮ ਦਾ ਨੀਂਹ ਪੱਥਰ ਰੱਖਿਆ।ਇਸੇ ਦੌਰਾਨ ਸਾਬਕਾ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੋਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਖਾਸ ਤੌਰ ’ਤੇ 2014 ਤੋਂ ਇਤਿਹਾਸ ਨੂੰ ਬੇਸ਼ਰਮੀ ਨਾਲ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਅਤੇ ਵਿਗਾੜਿਆ ਗਿਆ ਹੈ। ਰਮੇਸ਼ ਨੇ ‘ਐਕਸ’ ’ਤੇ ਲਿਖਿਆ, ‘‘ਅੱਜ ਜਦੋਂ ਇੱਕ ਸ਼ੁਕਰਗੁਜ਼ਾਰ ਦੇਸ਼ ਸਰਦਾਰ ਪਟੇਲ ਦੀ 150ਵੀਂ ਜਯੰਤੀ ਮਨਾ ਰਿਹਾ ਹੈ, ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ 13 ਫਰਵਰੀ, 1949 ਨੂੰ ਜਵਾਹਰ ਲਾਲ ਨਹਿਰੂ ਨੇ ਗੋਧਰਾ ਵਿੱਚ ਸਰਦਾਰ ਪਟੇਲ ਦੇ ਬੁੱਤ ਤੋਂ ਪਰਦਾ ਹਟਾਇਆ ਸੀ, ਜਿੱਥੇ ਭਾਰਤ ਦੇ ਲੋਹ ਪੁਰਸ਼ ਨੇ ਆਪਣੀ ਕਾਨੂੰਨੀ ਪ੍ਰੈਕਟਿਸ ਸ਼ੁਰੂ ਕੀਤੀ ਸੀ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੀ ਉਨ੍ਹਾਂ ਦੀ ਸ਼ਕਤੀਸ਼ਾਲੀ ਅਤੇ ਗੂੜ੍ਹੀ ਸਾਂਝ ਦੀ ਸਮਝ ਪ੍ਰਾਪਤ ਕਰਨ ਲਈ ਉਸ ਮੌਕੇ ਨਹਿਰੂ ਦੇ ਭਾਸ਼ਣ ਨੂੰ ਵਾਰ-ਵਾਰ ਪੜ੍ਹਿਆ ਜਾਣਾ ਚਾਹੀਦਾ ਹੈ।’’ ਰਮੇਸ਼ ਨੇ ਕਿਹਾ, ‘‘ਖਾਸ ਤੌਰ ’ਤੇ 2014 ਤੋਂ ਜੀ-2 ਅਤੇ ਉਨ੍ਹਾਂ ਦੇ ਈਕੋਸਿਸਟਮ ਵੱਲੋਂ ਇਤਿਹਾਸ ਨੂੰ ਬੇਸ਼ਰਮੀ ਨਾਲ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਅਤੇ ਵਿਗਾੜਿਆ ਗਿਆ ਹੈ। ਨਿਰਸਵਾਰਥ ਆਗੂ ਉਸ ਵਿਚਾਰਧਾਰਾ ਦੁਆਰਾ ਆਪਣੀ ਦੁਰਵਰਤੋਂ ਤੋਂ ਭੈਭੀਤ ਹੋਏ ਹੋਣਗੇ, ਜਿਸ ਦੀ ਆਜ਼ਾਦੀ ਦੀ ਲਹਿਰ ਵਿੱਚ, ਸੰਵਿਧਾਨ ਦੇ ਨਿਰਮਾਣ ਵਿੱਚ ਕੋਈ ਭੂਮਿਕਾ ਨਹੀਂ ਸੀ ਅਤੇ ਜਿਸ ਨੇ ਖੁਦ ਸਰਦਾਰ ਪਟੇਲ ਦੇ ਸ਼ਬਦਾਂ ਵਿੱਚ, ਅਜਿਹਾ ਮਾਹੌਲ ਪੈਦਾ ਕੀਤਾ ਜਿਸ ਨੇ 30 ਜਨਵਰੀ, 1948 ਦੀ ਭਿਆਨਕ ਤ੍ਰਾਸਦੀ ਨੂੰ ਸੰਭਵ ਬਣਾਇਆ (ਸਰੋਤ: ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸਰਦਾਰ ਪਟੇਲ ਦਾ ਪੱਤਰ, 1 ਜੁਲਾਈ, 1948)।’’