ਇੱਕ ਫੀਸਦੀ ਅਮੀਰ ਮਚਾ ਰਹੇ ਤਬਾਹੀ

0
43

ਇੰਗਲੈਂਡ ਵਿੱਚ ਜੇਮਜ਼ ਵਾਟ ਨੇ ਚਾਹ ਦੀ ਕੇਤਲੀ ਤੋਂ ਉਠਦੇ ਢੱਕਣ ਪਿੱਛੇ ਭਾਫ ਦੀ ਸ਼ਕਤੀ ਦੇਖੀ। ਇਸੇ ਸਿਧਾਂਤ ’ਤੇ ਸਟੀਮ ਇੰਜਣ ਬਣਿਆ। ਫਿਰ ਦੌੜ ਸ਼ੁਰੂ ਹੋਈ-ਜ਼ਿਆਦਾ ਉਤਪਾਦਨ ਤੇ ਜ਼ਿਆਦਾ ਖਪਤ ਦੀ। ਫੈਕਟਰੀਆਂ ਲਈ ਨਵੇਂ-ਨਵੇਂ ਈਂਧਨ ਦੀ ਲੋੜ ਪਈ। ਕੱਚਾ ਮਾਲ ਤੇ ਬਾਜ਼ਾਰ ਦੀ ਲੜਾਈ ਨੇ ਬਸਤੀਵਾਦ ਨੂੰ ਜਨਮ ਦਿੱਤਾ। ਤਾਕਤਵਰਾਂ ਨੇ ਕਮਜ਼ੋਰਾਂ ਨੂੰ ਗੁਲਾਮ ਬਣਾਇਆ। ਦੋ ਸੰਸਾਰ ਜੰਗਾਂ ਹੋਈਆਂ, ਕਰੋੜਾਂ ਲੋਕ ਮਰੇ। ਹਵਸ ਨੇ ਇਨਸਾਨ ਦਾ ਮੱਥਾ ਗਰਮ ਕਰ ਦਿੱਤਾ ਤੇ ਇਸ ਦੇ ਨਾਲ ਧਰਤੀ ਦੀ ਗਰਮੀ ਵੀ ਵਧੀ। 1750 ਵਿੱਚ ਧਰਤੀ ਦਾ ਤਾਪਮਾਨ 13.5 ਡਿਗਰੀ ਸੈਂਟੀਗਰੇਡ ਸੀ। 1750 ਤੋਂ 1850 ਤੱਕ ਸਿਰਫ 0.2 ਡਿਗਰੀ ਸੈਂਟੀਗਰੇਡ ਵਧਿਆ। 1850 ਤੋਂ 2025 ਤੱਕ 1.2 ਡਿਗਰੀ ਸੈਂਟੀਗਰੇਡ ਹੋਰ ਵਧ ਗਿਆ। ਇਸ ਦਾ ਕਾਰਨ ਕੋਲਾ, ਤੇਲ ਤੇ ਫੈਕਟਰੀਆਂ ਰਹੀਆਂ। 2050 ਤੱਕ ਧਰਤੀ ਦਾ ਤਾਪਮਾਨ 15 ਡਿਗਰੀ ਸੈਂਟੀਗਰੇਡ ਹੋ ਸਕਦਾ ਹੈ। ਲੱਖਾਂ ਸਾਲਾਂ ਵਿੱਚ ਜੋ ਨਹੀਂ ਹੋਇਆ, ਦੋ ਸੌ ਸਾਲਾਂ ਵਿੱਚ ਹੋ ਗਿਆ ਹੈ। ਇਨਸਾਨ ਨੇ ਜੰਗਲ ਦੇ ਜੰਗਲ ਕੱਟ ਦਿੱਤੇ ਤੇ ਧਰਤੀ ਦਾ ਫੇਫੜਾ ਕਮਜ਼ੋਰ ਕਰ ਦਿੱਤਾ। ਅਮੇਜ਼ਨ ਜੰਗਲ ਦੱਖਣੀ ਅਮਰੀਕਾ ਦੇ 9 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਇਸ ਦਾ 60 ਫੀਸਦੀ ਬ੍ਰਾਜ਼ੀਲ ਵਿੱਚ ਹੈ। 67 ਲੱਖ ਵਰਗ ਕਿੱਲੋਮੀਟਰ, ਭਾਰਤ ਨਾਲੋਂ ਦੁੱਗਣੇ ਹਿੱਸੇ ਵਿੱਚ ਇਹ ਜੰਗਲ ਹੈ। ਇਹ ਜੰਗਲ ਕਾਰਬਨਡਾਇਅਕਸਾਈਡ ਸੋਕ ਕੇ ਆਕਸੀਜਨ ਬਣਾਉਦਾ ਹੈ। ਹਰ ਸਾਲ 20 ਫੀਸਦੀ ਨਵੀਂ ਆਕਸੀਜਨ, ਸਾਡੇ ਸਾਹ ਦਾ ਪੰਜਵਾਂ ਹਿੱਸਾ ਇੱਥੇ ਹੀ ਬਣਦਾ ਹੈ, ਪਰ 2025 ਤੱਕ ਇਹ ਜੰਗਲ 20 ਫੀਸਦੀ ਕੱਟ ਚੁੱਕਾ ਹੈ। 25 ਫੀਸਦੀ ਹੋਰ ਕੱਟਿਆ ਤਾਂ ਧਰਤੀ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਜਾਵੇਗੀ।
ਧਰਤੀ ਦਾ ਤਾਪਮਾਨ ਵਧਣ ਨਾਲ ਮੌਸਮ ’ਚ ਆ ਰਹੀ ਤਬਦੀਲੀ ਕਾਰਨ ਗਰਮੀ ਇਸ ਕਦਰ ਵਧਦੀ ਹੈ ਕਿ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਸੋਕਾ ਪੈਂਦਾ ਹੈ ਤਾਂ ਪਾਣੀ ਦੀ ਬੰੂਦ ਨਹੀਂ ਮਿਲਦੀ। ਹੜ੍ਹ ਆਉਦੇ ਹਨ ਤਾਂ ਲੱਖਾਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ। ਜੰਗਲ ਵਿੱਚ ਅੱਗ ਲੱਗਦੀ ਹੈ ਤਾਂ ਬੁਝਦੀ ਨਹੀਂ। ਇਕੱਲੇ ਅਮਰੀਕਾ ’ਚ ਅੱਗ ਨਾਲ 2025 ਵਿੱਚ 61 ਅਰਬ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇਸ ਮੌਸਮ ਤਬਦੀਲੀ ਦਾ ਮੁੱਖ ਕਾਰਨ ਹੈ, ਕਾਰਬਨ ਦੀ ਪੈਦਾਇਸ਼। ਸਭ ਤੋਂ ਜ਼ਰੂਰੀ ਸਵਾਲ ਹੈ ਕਿ ਕਾਰਬਨਡਾਇਅਕਸਾਈਡ ਪੈਦਾ ਕਰਨ ਲਈ ਜ਼ਿੰਮੇਵਾਰ ਕੌਣ ਹੈ? ਕਲਾਈਮੇਟ ਇਨਇਕੁਐਲਿਟੀ ਰਿਪੋਰਟ-2025 ਕਹਿੰਦੀ ਹੈ ਕਿ ਧਰਤੀ ਨੂੰ ਬਰਬਾਦ ਕਰਨ ਵਿੱਚ ਅਮੀਰ ਲੋਕ ਸਭ ਤੋਂ ਅੱਗੇ ਹਨ। ਦੁਨੀਆ ਦੇ ਇੱਕ ਫੀਸਦੀ ਅਮੀਰ (7 ਕਰੋੜ) 15 ਫੀਸਦੀ ਕਾਰਬਨਡਾਇਅਕਸਾਈਡ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਦੇ ਪ੍ਰਾਈਵੇਟ ਜੈੱਟ, ਵੱਡੀਆਂ ਕਾਰਾਂ, ਏ ਸੀ, ਫਰਿੱਜ ਇਹ ਕਾਰਬਨ ਪੈਦਾ ਕਰਦੇ ਹਨ। ਉਨ੍ਹਾਂ ਵੱਲੋਂ ਵਰਤੀਆਂ ਜਾਂਦੀਆਂ ਇਨ੍ਹਾਂ ਚੀਜ਼ਾਂ ਨਾਲੋਂ ਵੱਧ ਉਨ੍ਹਾਂ ਦੀ ਸੰਪਤੀ ਕਿਤੇ ਵੱਧ ਕਾਰਬਨ ਪੈਦਾ ਕਰਦੀ ਹੈ। ਉਹ ਤੇਲ ਕੰਪਨੀਆਂ ਵਿੱਚ ਨਿਵੇਸ਼ ਕਰਦੇ ਹਨ। ਸ਼ੇਅਰ ਖਰੀਦਦੇ ਹਨ ਤੇ ਕੰਪਨੀਆਂ ਕੋਲਾ ਜਲਾਉਦੀਆਂ ਹਨ। ਰਿਪੋਰਟ ਕਹਿੰਦੀ ਹੈ ਕਿ ਇੱਕ ਫੀਸਦੀ ਅਮੀਰਾਂ ਦੀ ਸੰਪਤੀ ਨਾਲ 41 ਫੀਸਦੀ ਕਾਰਬਨ ਪੈਦਾ ਹੁੰਦੀ ਹੈ! ਇੱਕ ਅਮੀਰ ਇੱਕ ਗਰੀਬ ਨਾਲੋਂ 680 ਗੁਣਾ ਵੱਧ ਕਾਰਬਨ ਪੈਦਾ ਕਰਦਾ ਹੈ। ਯਾਨੀ ਕਿ ਅਮੀਰੀ ਧਰਤੀ ਦਾ ਸੰਕਟ ਬਣ ਰਹੀ ਹੈ। ਅਮੀਰਾਂ ਨੇ ਆਦਤਾਂ ਨਾ ਸੁਧਾਰੀਆਂ ਤੇ 2050 ਤੱਕ ਤਾਪਮਾਨ ਵਿੱਚ 2 ਡਿਗਰੀ ਸੈਂਟੀਗਰੇਡ ਵਿੱਚ ਵਾਧਾ ਹੋਣ ਦਾ ਖਦਸ਼ਾ ਸੱਚ ਸਾਬਤ ਹੋ ਗਿਆ ਤਾਂ ਡੇਢ ਕਰੋੜ ਹੋਰ ਮੌਤਾਂ ਹੋਣਗੀਆਂ ਅਤੇ ਸਾਢੇ 12 ਲੱਖ ਕਰੋੜ ਡਾਲਰ ਦਾ ਨੁਕਸਾਨ ਵਿਸ਼ਵ ਅਰਥਵਿਵਸਥਾ ਨੂੰ ਹੋਵੇਗਾ।
ਪਰ ਅਮੀਰ ਤਾਂ ਚੰਨ ’ਤੇ ਬਸਤੀਆਂ ਵਸਾਉਣ ਦੇ ਸੁਫਨੇ ਦੇਖ ਰਹੇ ਹਨ। ਉਜ ਖਤਰੇ ਵਿੱਚ ਧਰਤੀ ਨਹੀਂ, ਇਨਸਾਨ ਹੈ। ਧਰਤੀ ਘੁੰਮਦੀ ਰਹੇਗੀ, ਇਨਸਾਨ ਡਾਇਨਾਸੋਰ ਵਾਂਗ ਲੁਪਤ ਹੋ ਜਾਣਗੇ। ਮਹਾਤਮਾ ਗਾਂਧੀ ਦਾ ਕਥਨ ਚੇਤੇ ਆਉਦਾ ਹੈ-ਧਰਤੀ ਸਭ ਦੀ ਲੋੜ ਪੂਰੀ ਕਰ ਸਕਦੀ ਹੈ, ਸਭ ਦਾ ਲਾਲਚ ਨਹੀਂ।