ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕ ਮਹਿੰਗੀਆਂ ਗੱਡੀਆਂ ਅਤੇ ਫੈਂਸੀ ਨੰਬਰ ਰੱਖਣ ਦੇ ਸ਼ੌਂਕੀ ਹਨ। ਇਸ ਦਾ ਪ੍ਰਮਾਣ ਇਹ ਹੈ ਕਿ ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਹੋਈ ਫੈਂਸੀ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 22.58 ਲੱਖ ਰੁਪਏ ਵਿੱਚ ਨੀਲਾਮ ਹੋਇਆ ਹੈ। ਇਸੇ ਨਿਲਾਮੀ ਦੌਰਾਨ 0007 ਨੰਬਰ 10.94 ਲੱਖ ਰੁਪਏ ਵਿੱਚ ਨਿਲਾਮ ਹੋਇਆ। ਯੂ ਟੀ ਪ੍ਰਸ਼ਾਸਨ ਦੇ ਆਰ ਐੱਲ ਏ ਵੱਲੋਂ 29 ਤੋਂ 31 ਅਕਤੂਬਰ ਤੱਕ ਨਵੀਂ ਸੀਰੀਜ਼ 38-01-42 ਦੇ ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਇਸ ਦੌਰਾਨ ਯੂ ਟੀ ਪ੍ਰਸ਼ਾਸਨ ਨੇ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ 2.71 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਫੈਂਸੀ ਨੰਬਰਾਂ ਦੀ ਹੋਈ ਨਿਲਾਮੀ ਦੌਰਾਨ ਚੰਡੀਗੜ੍ਹ ਵਿੱਚ 0001 ਨੰਬਰ 36 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ।
ਧਰਮਿੰਦਰ ਹਸਪਤਾਲ ਦਾਖਲ
ਮੁੰਬਈ : ਦਿੱਗਜ਼ ਬਾਲੀਵੁੱਡ ਅਦਾਕਾਰ ਧਰਮਿੰਦਰ ਨੂੰ ਇੱਥੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 89 ਸਾਲਾ ਅਦਾਕਾਰ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸੂਤਰ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਹਸਪਤਾਲ ਗਏ ਸਨ, ਕਿਉਂਕਿ ਰਿਪੋਰਟਾਂ ਦੇ ਨਤੀਜਿਆਂ ਨੂੰ ਆਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਇਸ ਲਈ ਪਰਵਾਰ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਸਮੁੱਚੀ ਰੁਟੀਨ ਜਾਂਚ ਸਹੀ ਢੰਗ ਨਾਲ ਨਹੀਂ ਹੋ ਜਾਂਦੀ, ਉਦੋਂ ਤੱਕ ਉਨ੍ਹਾਂ ਦਾ ਉੱਥੇ ਰਹਿਣਾ ਬਿਹਤਰ ਹੋਵੇਗਾ। ਉਹ ਬਜ਼ੁਰਗ ਹਨ ਅਤੇ ਉਨ੍ਹਾ ਨੂੰ ਡਾਕਟਰਾਂ ਦੀ ਸਹੀ ਦੇਖਭਾਲ ਦੀ ਲੋੜ ਹੈ। ਚਿੰਤਾ ਦੀ ਕੋਈ ਗੱਲ ਨਹੀਂ ਹੈ।
ਮੁੱਖ ਮੰਤਰੀਆਂ ਨੂੰ ਸੱਦਾ-ਪੱਤਰ
ਚੰਡੀਗੜ੍ਹ : ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਮੁਲਾਕਾਤ ਕੀਤੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ ਰਾਜ ਪੱਧਰੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਰਸਮੀ ਸੱਦਾ ਦਿੱਤਾ।
ਫ਼ਿਰੋਜ਼ਪੁਰ ਕੈਂਟ ਤੱਕ ਜਾਵੇਗੀ ਦਿੱਲੀ-ਮੋਗਾ ਐੱਕਸਪ੍ਰੈੱਸ
ਚੰਡੀਗੜ੍ਹ : ਪੰਜਾਬ ਵਿੱਚ ਰੇਲਵੇ ਕਨੈਕਟੀਵਿਟੀ ਲਈ ਇੱਕ ਵੱਡੇ ਕਦਮ ਤਹਿਤ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ 22485 ਦਿੱਲੀ-ਮੋਗਾ ਐੱਕਸਪ੍ਰੈੱਸ ਨੂੰ ਹੁਣ ਫ਼ਿਰੋਜ਼ਪੁਰ ਕੈਂਟ ਤੱਕ ਕੀਤਾ ਗਿਆ ਹੈ। ਸੋਧੀ ਹੋਈ ਸਮਾਂ-ਸੂਚੀ ਅਨੁਸਾਰ ਇਹ ਰੇਲ ਗੱਡੀ ਦਿੱਲੀ ਤੋਂ ਚੱਲੇਗੀ, ਜਾਖਲ ਅਤੇ ਲੁਧਿਆਣਾ ਹੁੰਦੀ ਹੋਈ ਦੁਪਹਿਰ 1:57 ’ਤੇ ਮੋਗਾ ਪਹੁੰਚੇਗੀ, ਜਿੱਥੋਂ ਇਹ 01:59 ’ਤੇ ਫ਼ਿਰੋਜ਼ਪੁਰ ਕੈਂਟ ਲਈ ਅੱਗੇ ਵਧੇਗੀ। ਇਸ ਰੇਲ ਗੱਡੀ ਦਾ ਫਿਰੋਜ਼ਪੁਰ ਕੈਂਟ ਪਹੁੰਚਣ ਦਾ ਸਮਾਂ ਦੁਪਹਿਰ 3:00 ਵਜੇ ਨਿਰਧਾਰਤ ਕੀਤਾ ਗਿਆ ਹੈ। ਵਾਪਸੀ ਦੀ ਯਾਤਰਾ ’ਤੇ ਰੇਲ ਗੱਡੀ ਫ਼ਿਰੋਜ਼ਪੁਰ ਕੈਂਟ ਤੋਂ ਦੁਪਹਿਰ 03:35 ’ਤੇ ਰਵਾਨਾ ਹੋਵੇਗੀ ਅਤੇ ਰਾਤ 11:35 ’ਤੇ ਦਿੱਲੀ ਪਹੁੰਚੇਗੀ। ਇਸ ਮੌਕੇ ਰੇਲ ਰਾਜ ਮੰਤਰੀ ਨੇ ਪੰਜਾਬ ਵਿੱਚ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਜੋਂ ਸਮਰਥਨ ਅਤੇ ਵਚਨਬੱਧਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।



