ਮੁੰਬਈ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਹਰ ਚੀਜ਼ ਮੁਫਤ ਕਿਉ ਚਾਹੀਦੀ ਹੈ ਤੇ ਉਹ ਕਰਜ਼ਾ ਮੁਆਫ ਕਰਨ ਦੀ ਮੰਗ ਕਿਉ ਕਰਦੇ ਰਹਿੰਦੇ ਹਨ। ਕਰਜ਼ਾ ਮੁਆਫੀ ਵਾਲੀ ਆਦਤ ਚੰਗੀ ਨਹੀਂ। ਇੱਕ ਰੈਲੀ ਵਿੱਚ ਉਨ੍ਹਾ ਕਿਹਾ ਕਿ ਸਾਬਕਾ ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਵੇਲੇ ਖੇਤੀ ਕਰਜ਼ੇ ਮੁਆਫ ਕੀਤੇ ਗਏ ਅਤੇ ਫਿਰ ਦਵਿੰਦਰ ਫੜਨਵੀਸ ਤੇ ਊਧਵ ਠਾਕਰੇ ਦੀਆਂ ਸੂਬਾ ਸਰਕਾਰਾਂ ਵੇਲੇ ਮੁਆਫ ਕੀਤੇ ਗਏ। ਖੇਤੀ ਕਰਜ਼ੇ ਹਮੇਸ਼ਾ ਨਹੀਂ ਮੁਆਫ ਕੀਤੇ ਜਾ ਸਕਦੇ। ਉਨ੍ਹਾ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਬਿਨਾਂ ਵਿਆਜ ਦੇ ਕਰਜ਼ੇ ਦਿੰਦੀ ਹੈ, ਫਿਰ ਵੀ ਕਿਸਾਨ ਕਰਜ਼ੇ ਮੁਆਫ ਕਰਨ ਦੀ ਮੰਗ ਕਰ ਰਹੇ ਹਨ। ਅਜੀਤ ਪਵਾਰ ਇਸ ਗੱਲੋਂ ਮੁਨਕਰ ਨਹੀਂ ਹਨ ਕਿ 2024 ਦੀਆਂ ਚੋਣਾਂ ਵੇਲੇ ਉਨ੍ਹਾ ਦੀ ਮਹਾਯੁਤੀ ਨੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਕਹਿ ਰਹੇ ਹਨ ਕਿ ਕਿਸਾਨਾਂ ਦੀ ਆਦਤ ਚੰਗੀ ਨਹੀਂ। ਇਹ ਉਹੀ ਅਜੀਤ ਪਵਾਰ ਹਨ, ਜਿਨ੍ਹਾ 2013 ਵਿੱਚ ਗੰਭੀਰ ਸੋਕੇ ਦੌਰਾਨ ਕਿਹਾ ਸੀ ਕਿ ਜਦ ਡੈਮ ਵਿੱਚ ਪਾਣੀ ਨਹੀਂ ਹੈ ਤਾਂ ਕੀ ਉਹ ਮੂਤ ਕਰਕੇ ਭਰ ਦੇਣ। ਕਰਜ਼ ਮੁਆਫੀ ਬਾਰੇ ਪਵਾਰ ਦੇ ਤਾਜ਼ਾ ਬਿਆਨ ਨੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਵੱਲੋਂ ਅਗਲੇ ਸਾਲ ਜੂਨ ਤੱਕ ਕਰਜ਼ ਮੁਆਫੀ ਕਰ ਦੇਣ ਦੇ ਵਾਅਦੇ ਬਾਰੇ ਸ਼ੰਕੇ ਪੈਦਾ ਕਰ ਦਿੱਤੇ ਹਨ। ਮਹਾਰਾਸ਼ਟਰ ਕਾਂਗਰਸ ਪ੍ਰਧਾਨ ਹਰਸ਼ਵਰਧਨ ਸਪਕਲ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਕਰਜ਼ਾ ਮੁਆਫੀ ਦਾ ਵਾਅਦਾ ਮਹਾਯੁਤੀ ਨੇ ਕੀਤਾ ਸੀ ਤੇ ਚੋਣਾਂ ਜਿੱਤਣ ਤੋਂ ਬਾਅਦ ਮੁਕਰ ਰਹੀ ਹੈ।
ਕਿਸਾਨ ਆਗੂ ਵਿਜੇ ਜਵਾਂਡੀਆ ਨੇ ਕਿਹਾ ਕਿ ਜੇ ਸਰਕਾਰ ਵਾਜਬ ਕੀਮਤਾਂ ਯਕੀਨੀ ਬਣਾਏ ਤਾਂ ਕਿਸਾਨ ਕਰਜ਼ਾ ਮੁਆਫੀ ਦੀ ਮੰਗ ਹੀ ਨਾ ਕਰਨ। ਕਪਾਹ ਤੇ ਸੋਇਆਬੀਨ ਐੱਮ ਐੱਸ ਪੀ ਤੋਂ ਘੱਟ ਕੀਮਤ ’ਤੇ ਵਿਕ ਰਹੇ ਹਨ। ਕਪਾਹ 6500 ਤੋਂ 7 ਹਜ਼ਾਰ ਰੁਪਏ ਕੁਇੰਟਲ ਵਿਕ ਰਹੀ ਹੈ। ਇਹ 15-20 ਸਾਲ ਪਹਿਲਾਂ ਵੀ ਏਨੇ ਦੀ ਵਿਕਦੀ ਸੀ। ਇਸ ਦਾ ਭਾਅ 10 ਹਜ਼ਾਰ ਤੋਂ 15 ਹਜ਼ਾਰ ਰੁਪਏ ਹੋਣਾ ਚਾਹੀਦਾ ਹੈ।




