ਸ੍ਰੀ ਮੁਕਤਸਰ ਸਾਹਿਬ
(ਸ਼ਮਿੰਦਰ ਪਾਲ, ਪੂਜਾ, ਚਾਵਲਾ)
ਇਤਿਹਾਸਕ ਨਗਰ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਸ਼ਹਿਰ ਵਿੱਚ 138 ਕਰੋੜ 82 ਲੱਖ ਰੁਪਏ ਦੀ ਲਾਗਤ ਵਾਲੇ ਸੀਵਰੇਜ ਅਤੇ ਜਲ ਸਪਲਾਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੱਸਿਆ ਕਿ 138.82 ਕਰੋੜ ਰੁਪਏ ਦੇ ਪ੍ਰਾਜੈਕਟਾਂ ਵਿੱਚ ਨਵੇਂ ਸੀਵਰੇਜ ਸਿਸਟਮ ਲਈ 90 ਕਰੋੜ 68 ਲੱਖ ਰੁਪਏ, ਜਦਕਿ ਜਲ ਸਪਲਾਈ ਦੇ ਪ੍ਰਾਜੈਕਟਾਂ ਲਈ 48 ਕਰੋੜ 14 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾ ਕਿਹਾ ਕਿ ਇਸ ਸ਼ਹਿਰ ਵਿੱਚ 31 ਹਜ਼ਾਰ ਘਰ ਹਨ ਅਤੇ ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਇਕ ਲੱਖ 58 ਹਜ਼ਾਰ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾ ਕਿਹਾ ਕਿ ਹੁਣ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਲੋਕ ਸਭਾ ਮੈਂਬਰ ਹਰਸਮਿਰਤ ਕੌਰ ਬਾਦਲ ਵੱਲੋਂ ਇਹ ਦਾਅਵਾ ਕੀਤੇ ਜਾਣ ਕਿ ਅਕਾਲੀ-ਭਾਜਪਾ ਦੀ ਸਰਕਾਰ ਮੌਕੇ ਲੋਕਾਂ ਨੂੰ ਚਿੱਟੇ ਦਾ ਨਾਂਅ ਤੱਕ ਨਹੀਂ ਜਾਣਦੇ ਸਨ ਤਾਂ ਮੁੱਖ ਮੰਤਰੀ ਨੇ ਤਨਜ਼ ਕੱਸਦਿਆਂ ਕਿਹਾ ਕਿ ਇਹ ਗੱਲ ‘ਸੱਚ’ ਹੈ, ਕਿਉਕਿ ਉਸ ਸਮੇਂ ਚਿੱਟੇ ਨੂੰ ਮਜੀਠੀਆ ਕਿਹਾ ਜਾਂਦਾ ਸੀ। ਉਨ੍ਹਾ ਕਿਹਾ ਕਿ ਅਕਾਲੀਆਂ ਦੀ ਸਰਕਾਰ ਮੌਕੇ ਚਿੱਟਾ ਅਤੇ ਮਜੀਠੀਆ ਸਮਾਨਾਰਥ ਸ਼ਬਦ ਸਨ, ਕਿਉਕਿ ਉਸ ਸਮੇਂ ਲਾਲ ਬੱਤੀ ਵਾਲੀਆਂ ਗੱਡੀਆਂ ਵਿੱਚ ਚਿੱਟਾ ਸਪਲਾਈ ਹੁੰਦਾ ਸੀ।ਸੁਖਬੀਰ ਬਾਦਲ ਨੂੰ ਪੰਜਾਬ ਅਤੇ ਸਿੱਖਾਂ ਦਾ ਵੱਡਾ ਗੁਨਾਹਗਾਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਾਂ ਦੇ ਸਰਵਉਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਗੁਨਾਹ ਕਬੂਲਣ ਤੇ ਤਨਖਾਹ ਭੁਗਤਣ ਤੋਂ ਬਾਅਦ ਸ਼ਰੇਆਮ ਮੁੱਕਰ ਜਾਣਾ ਸਰਾਸਰ ਧੋਖਾ ਹੈ। ਉਨ੍ਹਾ ਕਿਹਾ ਕਿ ਇਤਿਹਾਸ ਕਦੇ ਵੀ ਗੁਨਾਹਗਾਰਾਂ ਨੂੰ ਮੁਆਫ ਨਹੀਂ ਕਰਦਾ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਹਾਜ਼ਰ ਸਨ।





