ਬਿਹਾਰ ਦੇ ਮੋਕਾਮਾ ਅਸੈਂਬਲੀ ਹਲਕੇ ਤੋਂ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਦੇ ਉਮੀਦਵਾਰ ਅਨੰਤ ਕੁਮਾਰ ਸਿੰਘ ਨੂੰ ਦੁਲਾਰਚੰਦ ਯਾਦਵ ਦੀ ਹੱਤਿਆ ਵਿੱਚ ਨਾਮਜ਼ਦ ਮੁਲਜ਼ਮ ਵਜੋਂ ਸਨਿੱਚਰਵਾਰ ਰਾਤ ਗਿ੍ਰਫਤਾਰ ਤਾਂ ਕਰ ਲਿਆ ਗਿਆ, ਪਰ ਇਸ ਨਾਲ ਇਹ ਬਹਿਸ ਫਿਰ ਤਾਜ਼ਾ ਹੋ ਗਈ ਕਿ ਨਿਤੀਸ਼ ਕੁਮਾਰ ਕਿਵੇਂ ਉਨ੍ਹਾਂ ਬਾਹੂਬਲੀਆਂ ’ਤੇ ਮਿਹਰਬਾਨ ਰਹੇ ਹਨ, ਜਿਹੜੇ ‘ਸਰਕਾਰੀ’ ਹਨ ਜਾਂ ਬਣ ਜਾਂਦੇ ਹਨ। ਨਿਤੀਸ਼ ਕੁਮਾਰ ਕਹਿਣ ਨੂੰ ਤਾਂ ਕਹਿੰਦੇ ਹਨ ਕਿ ਉਹ ਨਾ ਤਾਂ ਕਿਸੇ ਨੂੰ ਬਚਾਉਦੇ ਹਨ ਤੇ ਨਾ ਕਿਸੇ ਨੂੰ ਫਸਾਉਦੇ ਹਨ, ਪਰ ਇਤਿਹਾਸ ਇਹੀ ਹੈ ਕਿ ਜਿਹੜੇ ਬਾਹੂਬਲੀ ‘ਸਰਕਾਰੀ’ ਹੁੰਦੇ ਹਨ ਜਾਂ ਜਿਨ੍ਹਾਂ ਨੂੰ ‘ਸਰਕਾਰੀ’ ਬਣਾਉਣ ਦੀ ਗੁੰਜਾਇਸ਼ ਹੁੰਦੀ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਸਰਕਾਰ ਕਾਨੂੰਨੀ ਲੜਾਈ ਨੂੰ ਕਮਜ਼ੋਰ ਕਰਕੇ ਸਾਫ ਬਚਾ ਲੈਂਦੀ ਹੈ। ਅਨੰਤ ਕੁਮਾਰ ਸਿੰਘ ਦੇ ਮਾਮਲੇ ਦਾ ਵੀ ਇਹੀ ਨਤੀਜਾ ਨਿਕਲਿਆ ਤਾਂ ਹੈਰਾਨੀ ਨਹੀਂ ਹੋਵੇਗੀ।
ਨਿਤੀਸ਼ ਕੁਮਾਰ ਦੀ ਬਾਹੂਬਲੀਆਂ ਨਾਲ ਦੋਸਤੀ 2005 ਤੋਂ ਨਹੀਂ, ਸਗੋਂ ਉਸ ਤੋਂ ਪਹਿਲਾਂ 2000 ਤੋਂ ਸ਼ੁਰੂ ਹੁੰਦੀ ਹੈ, ਜਦ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤੇ ਉਸ ਸਮੇਂ ਦੇ ਸਭ ਤੋਂ ਬਦਨਾਮ ਬਾਹੂਬਲੀਆਂ ਦੀ ਹਮਾਇਤ ਲਈ ਸੀ। ਅਨੰਤ ਕੁਮਾਰ ਸਿੰਘ ਜਦ ਰਾਜਦ ਵਿੱਚ ਸੀ ਤਾਂ ਉਸ ਦੀ ਪਤਨੀ ਰਾਜਦ ਦੀ ਟਿਕਟ ’ਤੇ ਵਿਧਾਇਕ ਬਣ ਗਈ ਸੀ। ਨਿਤੀਸ਼ ਸਰਕਾਰ ਨੇ ਤਰ੍ਹਾਂ-ਤਰ੍ਹਾਂ ਦੇ ਮਾਮਲਿਆਂ ਵਿੱਚ ਉਸ ਨੂੰ ਜੇਲ੍ਹ ਵਿੱਚ ਸੁੱਟਿਆ ਸੀ। ਫਿਰ ਸਭ ਨੇ ਦੇਖਿਆ ਕਿ ਨਿਤੀਸ਼ ਕੁਮਾਰ ਖਿਲਾਫ ਬੇਵਿਸਾਹੀ ਦੇ ਮਤੇ ’ਤੇ ਵੋਟਿੰਗ ਵੇਲੇ ਅਨੰਤ ਕੁਮਾਰ ਦੀ ਪਤਨੀ ਨੇ ਰਾਜਦ ਤੋਂ ਬਗਾਵਤ ਕਰਕੇ ਨਿਤੀਸ਼ ਦਾ ਸਾਥ ਦਿੱਤਾ। ਉਸ ਤੋਂ ਬਾਅਦ ਅਦਾਲਤ ਵਿੱਚ ਸੁਣਵਾਈ ਦੌਰਾਨ ਕਾਨੂੰਨੀ ਪੱਖ ਏਨਾ ਕਮਜ਼ੋਰ ਕਰ ਦਿੱਤਾ ਗਿਆ ਕਿ ਅਨੰਤ ਕੁਮਾਰ ਰਿਹਾਅ ਹੋ ਗਿਆ ਤੇ ਹੁਣ ਉਹ ਨਿਤੀਸ਼ ਦੀ ਪਾਰਟੀ ਦਾ ਉਮੀਦਵਾਰ ਹੈ। ਨਿਤੀਸ਼ ਦੀ ਮਿਹਰਬਾਨੀ ਦੀ ਇਕ ਮਿਸਾਲ ਨਵਾਦਾ ਤੋਂ ਰਾਜਦ ਦੇ ਸਾਬਕਾ ਵਿਧਾਇਕ ਰਾਜਬੱਲਭ ਯਾਦਵ ਦੀ ਵੀ ਹੈ, ਜਿਸ ਨੂੰ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਵਿੱਚ 9 ਸਾਲ ਜੇਲ੍ਹ ਵਿੱਚ ਕੱਟਣੇ ਪਏ ਸਨ। ਇਹ ਇਤਫਾਕ ਦੀ ਗੱਲ ਨਹੀਂ ਹੋ ਸਕਦੀ ਕਿ ਜਦ ਰਾਜਬੱਲਭ ਦੀ ਪਤਨੀ, ਜੋ ਰਾਜਦ ਦੀ ਵਿਧਾਇਕ ਸੀ, ਨੇ ਐੱਨ ਡੀ ਏ ਦਾ ਸਾਥ ਦੇਣਾ ਸ਼ੁਰੂ ਕੀਤਾ ਤਾਂ ਰਾਜਬੱਲਭ ਨੂੰ ਹਾਈ ਕੋਰਟ ਨੇ ਏਨੇ ਸੰਗੀਨ ਮਾਮਲੇ ਵਿੱਚ ਇਹ ਕਹਿ ਕੇ ਬਰੀ ਕਰ ਦਿੱਤਾ ਕਿ ਸਰਕਾਰੀ ਵਕੀਲ ਲੋੜੀਂਦੇ ਸਬੂਤ ਨਹੀਂ ਪੇਸ਼ ਕਰ ਸਕੇ। ਇਹ ਬਹਿਸ ਦਾ ਵਿਸ਼ਾ ਹੈ ਕਿ ਸਰਕਾਰ ਦੀ ਹਮਾਇਤ ਕਰਨ ਵਾਲੇ ਬਾਹੂਬਲੀਆਂ ਦੇ ਮਾਮਲੇ ਵਿੱਚ ਸਰਕਾਰੀ ਵਕੀਲਾਂ ਦੀ ਦਲੀਲ ਅਕਸਰ ਕਮਜ਼ੋਰ ਪੈ ਜਾਂਦੀ ਹੈ। ਰਾਜਬੱਲਭ ਦੀ ਰਿਹਾਈ ਤੋਂ ਬਾਅਦ ਉਸ ਦੀ ਪਤਨੀ ਵਿਭਾ ਦੇਵੀ ਹੁਣ ਨਵਾਦਾ ਤੋਂ ਨਿਤੀਸ਼ ਦੀ ਪਾਰਟੀ ਦੀ ਉਮੀਦਵਾਰ ਹੈ। ਬਾਹੂਬਲੀ ਆਨੰਦ ਮੋਹਨ ਦੇ ਮਾਮਲੇ ਵਿੱਚ ਤਾਂ ਨਿਤੀਸ਼ ਸਰਕਾਰ ਨੇ ਜੇਲ੍ਹ ਦਾ ਕਾਨੂੰਨ ਹੀ ਬਦਲ ਦਿੱਤਾ ਅਤੇ ਆਪਣੇ ਪੱਖ ਵਿੱਚ ਲਿਆਉਣ ਦੇ ਬਾਅਦ ਗੋਪਾਲਗੰਜ ਦੇ ਤੱਤਕਾਲੀ ਡੀ ਸੀ �ਿਸ਼ਨਈਆ ਦੇ ਹੱਤਿਆ ਕਾਂਡ ਵਿੱਚ ਸੁਣਾਈ ਗਈ ਤਾਉਮਰ ਕੈਦ ਦੀ ਸਜ਼ਾ ਨੂੰ ਖਤਮ ਕਰਕੇ ਉਸ ਨੂੰ ਜੇਲ੍ਹੋਂ ਬਾਹਰ ਕੱਢ ਲਿਆਂਦਾ। ਇਸ ਮਾਮਲੇ ਵਿੱਚ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਕਿ ਰਾਜਦ ਦੀ ਟਿਕਟ ’ਤੇ ਵਿਧਾਇਕ ਬਣੇ ਆਨੰਦ ਮੋਹਨ ਦੇ ਬੇਟੇ ਚੇਤਨ ਆਨੰਦ ਨੇ ਪਾਰਟੀ ਲਾਈਨ ਤੋਂ ਬਗਾਵਤ ਕਰਕੇ ਨਿਤੀਸ਼ ਨੂੰ ਭਰੋਸੇ ਦੇ ਮਤੇ ਦੌਰਾਨ ਹਮਾਇਤ ਦਿੱਤੀ ਸੀ।
ਦਿਲਚਸਪ ਗੱਲ ਹੈ ਕਿ ਜਦ ਨਿਤੀਸ਼ ਨੇ ਲਾਲੂ ਪ੍ਰਸਾਦ ਨਾਲ ਮਿਲ ਕੇ ਸਰਕਾਰ ਬਣਾਈ ਸੀ, ਤਦ ਭਾਜਪਾ ਨੇ ਨਿਤੀਸ਼ ’ਤੇ ਬਾਹੂਬਲੀਆਂ ਦੀ ਸਰਪ੍ਰਸਤੀ ਕਰਨ ਦਾ ਦੋਸ਼ ਲਾਇਆ ਸੀ, ਪਰ ਹੁਣ ਐੱਨ ਡੀ ਏ ਵਿੱਚ ਸ਼ਾਮਲ ਨਿਤੀਸ਼ ਬਾਹੂਬਲੀਆਂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਚੋਣਾਂ ਲੜਵਾ ਰਿਹਾ ਹੈ ਤਾਂ ਉਸ ਨੂੰ ਭਾਜਪਾ ‘ਵਿਕਾਸ ਪੁਰਸ਼’ ਦੱਸ ਰਹੀ ਹੈ। ਬਿਹਾਰ ਵਿੱਚ ਬੂਥਾਂ ’ਤੇ ਕਬਜ਼ੇ ਹੋਣੇ ਤਾਂ ਹਟ ਗਏ ਹਨ, ਪਰ ਬਾਹੂਬਲੀਆਂ ਦਾ ਇਸਤੇਮਾਲ ਖਤਮ ਨਹੀਂ ਹੋਇਆ।



