ਜੈਪੁਰ : ਇੱਥੇ ਸੋਮਵਾਰ ਦੁਪਹਿਰ ਡੰਪਰ ਨੇ ਇੱਕ ਤੋਂ ਬਾਅਦ ਇੱਕ 17 ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਤੇ 10 ਜ਼ਖਮੀ ਹੋ ਗਏ। ਮਿ੍ਰਤਕਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਸਰੀਰ ਟੁਕੜੇ-ਟੁਕੜੇ ਹੋ ਗਏ। ਕੁਝ ਦੀਆਂ ਲੱਤਾਂ ਕੱਟੀਆਂ ਗਈਆਂ, ਕੁਝ ਦੀਆਂ ਬਾਹਾਂ ਕੱਟੀਆਂ ਗਈਆਂ। ਲੋਕਾਂ ਨੇ ਡੰਪਰ ਡਰਾਈਵਰ ਨੂੰ ਮੌਕੇ ’ਤੇ ਫੜ ਲਿਆ। ਉਹ ਸ਼ਰਾਬੀ ਸੀ। ਹੈੱਡ ਕਾਂਸਟੇਬਲ ਰਵਿੰਦਰ ਨੇ ਕਿਹਾ ਕਿ ਡੰਪਰ ਖਾਲੀ ਸੀ ਅਤੇ ਰੋਡ ਨੰਬਰ 14 ਵੱਲ ਜਾ ਰਿਹਾ ਸੀ। ਇਹ ਲੋਹਾ ਮੰਡੀ ਰੋਡ ’ਤੇ ਲਗਭਗ 300 ਮੀਟਰ ਦੂਰ ਲੋਕਾਂ ਨੂੰ ਟੱਕਰ ਮਾਰਦਾ ਰਿਹਾ।
ਟਿੱਪਰ ਟੱਕਰ ’ਚ 19 ਬੱਸ ਯਾਤਰੀਆਂ ਦੀ ਮੌਤ
ਹੈਦਰਾਬਾਦ : ਤਿਲੰਗਾਨਾ ਦੇ ਰੰਗਾ ਰੈੱਡੀ ਜ਼ਿਲ੍ਹੇ ਵਿੱਚ ਬੱਜਰੀ ਨਾਲ ਭਰੇ ਟਿੱਪਰ ਟਰੱਕ ਦੀ ਬੱਸ ਨਾਲ ਸਿੱਧੀ ਟੱਕਰ ਕਾਰਨ 10 ਮਹਿਲਾਵਾਂ ਸਣੇ 19 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਟੱਕਰ ਸੋਮਵਾਰ ਸਵੇਰੇ ਚੇਵੇਲਾ ਨੇੜੇ ਤੇਲੰਗਾਨਾ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ ਹੋਈ, ਜਿਸ ਦੇ ਨਤੀਜੇ ਵਜੋਂ ਟਿੱਪਰ ਦੀ ਬੱਜਰੀ ਬੱਸ ਉੱਤੇ ਡਿੱਗ ਗਈ। ਤੰਦੂਰ ਤੋਂ ਹੈਦਰਾਬਾਦ ਜਾ ਰਹੀ ਬੱਸ ਦਾ ਡਰਾਈਵਰ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹੈ। ਬੱਸ ਕੰਡਕਟਰ ਅਨੁਸਾਰ ਬੱਸ ਵਿੱਚ 72 ਯਾਤਰੀ ਸਵਾਰ ਸਨ।
ਅਵਾਰਾ ਕੁੱਤਿਆਂ ਬਾਰੇ ਫੈਸਲਾ 7 ਨੂੰ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਕਿਹਾ ਕਿ ਉਹ ਅਵਾਰਾ ਕੁੱਤਿਆਂ ਦੇ ਮਾਮਲੇ ਵਿੱਚ 7 ਨਵੰਬਰ ਨੂੰ ਫੈਸਲਾ ਸੁਣਾਏਗੀ।
ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐੱਨ ਵੀ ਅੰਜਾਰੀਆ ਦੀ ਵਿਸ਼ੇਸ਼ ਬੈਂਚ ਨੂੰ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਜ਼ਿਆਦਾਤਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਇਸ ਮਾਮਲੇ ਵਿੱਚ ਆਪਣੇ ਪਾਲਣਾ ਹਲਫ਼ਨਾਮੇ ਦਾਇਰ ਕਰ ਦਿੱਤੇ ਹਨ।




