ਨਵੀਂ ਦਿੱਲੀ : ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਦੋਸ਼ ਲਗਾਇਆ ਕਿ ਭਾਜਪਾ ਨੇ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ 25 ਲੱਖ ਜਾਲ੍ਹੀ ਵੋਟਰਾਂ ਦੀ ਮਦਦ ਨਾਲ ਜਿੱਤੀਆਂ ਸਨ। ਰਾਜ ਦੇ ਹਰ ਅੱਠ ਵੋਟਰਾਂ ਵਿੱਚੋਂ ਇੱਕ ਜਾਲ੍ਹੀ ਸੀ। ਚੋਣ ਕਮਿਸ਼ਨ ’ਤੇ ਫਰਜ਼ੀ ਤੇ ਜਾਲ੍ਹੀ ਵੋਟਰਾਂ ਦੇ ਆਧਾਰ ’ਤੇ ਭਾਜਪਾ ਨੂੰ ਜਿੱਤਣ ਵਿੱਚ ਮਦਦ ਕਰਨ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਨੇ ਕੁਝ ਵੋਟਰਾਂ ਦੀਆਂ ਤਸਵੀਰਾਂ ਅਤੇ ਰਿਕਾਰਡ ਪੇਸ਼ ਕੀਤੇ, ਜਿਨ੍ਹਾਂ ਬਾਰੇ ਉਨ੍ਹਾ ਦਾਅਵਾ ਕੀਤਾ ਕਿ ਉਹ ਜਾਲ੍ਹੀ ਸਨ।
ਰਾਹੁਲ ਨੇ ਨਕਲੀ ਵੋਟਰਾਂ ਬਾਰੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਬ੍ਰਾਜ਼ੀਲੀਅਨ ਮਾਡਲ ਬਾਰੇ ਸੀ, ਜਿਸ ਨੇ ਰਾਈ ਦੇ ਇੱਕ ਪੋਲਿੰਗ ਬੂਥ ’ਤੇ ਕਥਿਤ ਤੌਰ ਉੱਤੇ 22 ਵਾਰ ਵੋਟ ਪਾਈ ਸੀ। ਰਾਹੁਲ ਨੇ ਉਕਤ ਮਾਡਲ ਲਈ ਇੱਕ ਸਕੈਨ ਸਰੋਤ ਦੀ ਵਰਤੋਂ ਕੀਤੀ ਅਤੇ ਇਹ ਉਸ ਨੂੰ ਇਸ ਮਾਡਲ ਦੇ ਅਧਿਕਾਰਤ ਪੰਨੇ ’ਤੇ ਲੈ ਗਿਆ।
ਰਾਹੁਲ ਨੇ ਇੱਕ ਹੋਰ ਮਿਸਾਲ ਦਿੱਤੀ, ਜੋ ਕਥਿਤ ਤੌਰ ’ਤੇ ਹਰਿਆਣਾ ਦੀਆਂ ਵੋਟਰ ਸੂਚੀਆਂ ਵਿੱਚ 223 ਵਾਰ ਦਿਖਾਈ ਦਿੰਦੀ ਹੈ। ਕਾਂਗਰਸ ਨੇਤਾ ਨੇ ਯੂ ਪੀ ਦੇ ਭਾਜਪਾ ਆਗੂਆਂ ਦੇ ਰਿਕਾਰਡ ਵੀ ਪੇਸ਼ ਕੀਤੇ, ਜਿਨ੍ਹਾਂ ਹਰਿਆਣਾ ਵਿੱਚ ਵੋਟ ਪਾਈ। ਰਾਹੁਲ ਨੇ ਕਿਹਾ, ‘ਚੋਣ ਕਮਿਸ਼ਨ ਸੂਚੀਆਂ ਤੋਂ ਡੁਪਲੀਕੇਟ ਵੋਟਰਾਂ ਨੂੰ ਕਿਉਂ ਨਹੀਂ ਹਟਾਉਂਦਾ, ਕਿਉਂਕਿ ਉਹ ਭਾਜਪਾ ਨੂੰ ਜਿੱਤਣ ਵਿੱਚ ਮਦਦ ਕਰਦੇ ਹਨ।’ ਉਨ੍ਹਾ ਦੋਸ਼ ਲਗਾਇਆ ਕਿ ਭਾਜਪਾ ਦੀ ਜਿੱਤ ਨੂੰ ਸੁਚਾਰੂ ਬਣਾਉਣ ਲਈ ਇੱਕ ਕੇਂਦਰੀਕਿ੍ਰਤ ਕਾਰਵਾਈ ਚੱਲ ਰਹੀ ਸੀ। ਰਾਹੁਲ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਐਗਜ਼ਿਟ ਪੋਲਾਂ ਨੇ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ, ਪਰ ਭਾਜਪਾ ਜਿੱਤ ਗਈ। ਉਨ੍ਹਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ 6 ਅਕਤੂਬਰ, 2024 ਦਾ ਇੱਕ ਕਥਿਤ ਵੀਡੀਓ ਦਿਖਾਇਆ, ਜਿੱਥੇ ਉਨ੍ਹਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਭਾਜਪਾ ਰਾਜ ਵਿੱਚ ਇੱਕਪਾਸੜ ਸਰਕਾਰ ਬਣਾ ਰਹੀ ਹੈ ਅਤੇ ਸਾਡੇ ਕੋਲ ਸਾਰੇ ਪ੍ਰਬੰਧ ਹਨ। ਚਿੰਤਾ ਨਾ ਕਰੋ।’ ਰਾਹੁਲ ਨੇ ਪੁੱਛਿਆ ਕਿ ਸੈਣੀ ਕਿਹੜੇ ਪ੍ਰਬੰਧਾਂ ਦਾ ਜ਼ਿਕਰ ਕਰ ਰਹੇ ਸਨ ਅਤੇ ਉਨ੍ਹਾ ਦੇ ਚਿਹਰੇ ’ਤੇ ‘ਧੁੰਦਲੀ ਮੁਸਕਰਾਹਟ’ ਕਿਉਂ ਸੀ। ਉਨ੍ਹਾ ਕਿਹਾ ਕਿ ਹਰਿਆਣਾ ਵਿੱਚ ਦੋ ਕਰੋੜ ਵੋਟਰ ਸਨ ਅਤੇ 28 ਲੱਖ ਨਕਲੀ ਵੋਟਰਾਂ ਨੇ ਭਾਜਪਾ ਨੂੰ ਪਿਛਲੀ ਵਿਧਾਨ ਸਭਾ ਚੋਣ ਜਿੱਤਣ ਵਿੱਚ ਮਦਦ ਕੀਤੀ। ਰਾਹੁਲ ਨੇ ਚੋਣ ਕਮਿਸ਼ਨ ’ਤੇ ਵਿਧਾਨ ਸਭਾ ਦੀਆਂ ਚੋਣ ਸੂਚੀਆਂ ’ਚੋਂ 3.5 ਲੱਖ ਕਾਂਗਰਸੀ ਵੋਟਰਾਂ ਦੇ ਨਾਂਅ ਹਟਾਉਣ ਦਾ ਦੋਸ਼ ਵੀ ਲਗਾਇਆ। ਉਨ੍ਹਾ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਵੋਟਰਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪਾਈ ਸੀ, ਪਰ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਰਾਹੁਲ ਨੇ ਕਿਹਾ, ‘ਹਰਿਆਣਾ ਵਿੱਚ ਕੋਈ ਚੋਣ ਨਹੀਂ ਹੋਈ। ਚੋਰੀ ਹੋਈ ਸੀ। ਇਸ ਸੱਜਣ (ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ) ਨੇ ਭਾਜਪਾ ਨਾਲ ਮਿਲੀਭੁਗਤ ਕਰਕੇ ਇਹ ਯਕੀਨੀ ਬਣਾਇਆ ਕਿ ਕਾਂਗਰਸ ਹਰਿਆਣਾ ਨਾ ਜਿੱਤੇ। ਹਰ ਸਬੂਤ ਚੋਣ ਕਮਿਸ਼ਨ ਦੇ ਰਿਕਾਰਡਾਂ ਤੋਂ ਹੈ। ਅਸੀਂ ਜਾਂਚ ਕੀਤੀ ਹੈ ਅਤੇ ਤੁਹਾਨੂੰ ਦਿਖਾਇਆ ਹੈ ਕਿ ਭਾਰਤੀ ਚੋਣਾਂ ਦੀ ਅਸਲੀਅਤ ਕੀ ਹੈ।’ ਉਨ੍ਹਾ ਕਿਹਾ ਕਿ ਇਹ ਪ੍ਰਣਾਲੀ ਹੁਣ ਉਦਯੋਗਿਕ ਹੋ ਗਈ ਹੈ ਅਤੇ ਦੂਜੇ ਰਾਜਾਂ ਵਿੱਚ ਵਰਤੀ ਜਾ ਸਕਦੀ ਹੈ। ਰਾਹੁਲ ਨੇ ਕਿਹਾ, ‘ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬਿਹਾਰ ਵਿੱਚ ਵੀ ਅਜਿਹਾ ਹੀ ਹੋਵੇਗਾ। ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ, ਕਿਉਂਕਿ ਵੋਟਰ ਸੂਚੀਆਂ ਆਖਰੀ ਸਮੇਂ ’ਤੇ ਆਉਂਦੀਆਂ ਹਨ। ਇਹ ਸੰਵਿਧਾਨ ਅਤੇ ਲੋਕਤੰਤਰ ਨੂੰ ਮਾਰਨ ਦਾ ਇੱਕ ਯੋਜਨਾਬੱਧ ਤਰੀਕਾ ਹੈ।’
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਕਾਨੂੰਨੀ ਰੂਪ ਵਿਚ ਸਰਕਾਰ ’ਚ ਨਹੀਂ ਹਨ। ਉਨ੍ਹਾਂ ਜ਼ੈੱਨ ਜ਼ੀ (1997 ਤੋਂ 2012 ਦਰਮਿਆਨ ਜਨਮੇ ਨੌਜਵਾਨਾਂ) ਨੂੰ ਅਪੀਲ ਕੀਤੀ ਕਿ ਉਹ ਜਮਹੂਰੀਅਤ ਦੀ ਬਹਾਲੀ ਸੰਬੰਧੀ ਆਪਣੀ ਇੱਛਾ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਰੱਖਣ।
ਹਰਿਆਣਾ ਵਿੱਚ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਕਥਿਤ ਜਾਲ੍ਹੀ ਵੋਟਿੰਗ ਦੇ ਸਬੂਤਾਂ ਬਾਰੇ ਕਾਂਗਰਸ ਦੀ ਅਗਲੇਰੀ ਰਣਨੀਤੀ ਬਾਰੇ ਸਵਾਲ ਦੇ ਜਵਾਬ ਵਿਚ ਰਾਹੁਲ ਨੇ ਕਿਹਾ, ‘ਅਸੀਂ ਭਾਰਤ ਦੇ ਲੋਕਾਂ ਨੂੰ ਦੱਸ ਰਹੇ ਹਾਂ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਜਾਇਜ਼ ਤੌਰ ’ਤੇ ਸਰਕਾਰ ਵਿੱਚ ਨਹੀਂ ਹਨ। ਸਰਕਾਰ ਚੋਰੀ ਹੋ ਗਈ ਹੈ। ਭਾਰਤ ਦੇ ਜ਼ੈੱਨ ਜ਼ੀ ਅਤੇ ਨੌਜਵਾਨਾਂ ਕੋਲ ਜਮਹੂਰੀ ਭਾਰਤ ਲਈ ਆਪਣੀ ਇੱਛਾ ਪ੍ਰਗਟ ਕਰਕੇ ਅਤੇ ਲੋਕਤੰਤਰ ਦੀ ਵਿਆਪਕ ਚੋਰੀ ਅਤੇ ਕਤਲ ਦਾ ਵਿਰੋਧ ਕਰਕੇ ਸ਼ਾਂਤੀਪੂਰਵਕ ਲੋਕਤੰਤਰ ਨੂੰ ਬਹਾਲ ਕਰਨ ਦੀ ਸ਼ਕਤੀ ਹੈ।’ ਰਾਹੁਲ ਨੇ ਕਿਹਾ ਕਿ ਹਰਿਆਣਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੋਸਟਲ ਬੈਲੇਟ ਦੇ ਰੁਝਾਨ ਅਸਲ ਵੋਟ ਪੱਤਰਾਂ ਤੋਂ ਵੱਖਰੀ ਦਿਸ਼ਾ ਵਿੱਚ ਗਏ। ਰਾਹੁਲ ਨੇ ਹਰਿਆਣਾ ਵਿੱਚ ਵੋਟ ਚੋਰੀ ਦਾ ਦੋਸ਼ ਲਗਾਉਂਦਿਆਂ ਕਿਹਾ, ‘ਅਸੀਂ 73 ਪੋਸਟਲ ਬੈਲੇਟ ਜਿੱਤੇ ਅਤੇ ਭਾਜਪਾ ਨੇ 17 ਜਿੱਤੀਆਂ। ਹਰਿਆਣਾ ਵਿੱਚ ਪਹਿਲੀ ਵਾਰ ਪੋਸਟਲ ਬੈਲੇਟ ਤੇ ਮੁੱਖ ਬੈਲੇਟ ਦੇ ਰੁਝਾਨ ਇੱਕ-ਦੂਜੇ ਨਾਲੋਂ ਵੱਖਰੇ ਸਨ। ਅਸੀਂ ਅੱਠ ਹਲਕਿਆਂ ਵਿੱਚ 22000 ਵੋਟਾਂ ਨਾਲ ਹਾਰ ਗਏ। ਫਰਜ਼ੀ ਵੋਟਰਾਂ ਦੀ ਵਰਤੋਂ ਕਰਕੇ ਕਾਂਗਰਸ ਦੀ ਜਿੱਤ ਨੂੰ ਹਾਰ ਵਿੱਚ ਬਦਲਣ ਦੀ ਯੋਜਨਾ ਬਣਾਈ ਗਈ। ਹਰਿਆਣਾ ਵਿੱਚ 25 ਲੱਖ ਵੋਟਾਂ ਜਾਲੀ ਸਨ।’





