ਮਮਦਾਨੀ ਦੀ ਜਿੱਤ ਟਰੰਪ ਲਈ ਵੱਡਾ ਝਟਕਾ

0
87

ਉਦਾਰਵਾਦੀ, ਅਗਾਂਹਵਧੂ ਤੇ ਖੱਬੇ-ਪੱਖੀ ਵਿਚਾਰਾਂ ’ਤੇ ਆਧਾਰਤ ਮੁਹਿੰਮ ਚਲਾਉਣ ਵਾਲੇ ਜ਼ੋਹਰਾਨ ਮਮਦਾਨੀ ਨੇ ਨਾ ਸਿਰਫ ਸਾਬਕਾ ਗਵਰਨਰ ਐਂਡਿ੍ਰਊ ਕੁਓਮੋ ਤੇ ਰਿਪਬਲੀਕਨ ਪਾਰਟੀ ਦੇ ਕਰਟਿਸ ਸਲੀਵਾ ਨੂੰ ਹਰਾ ਕੇ ਨਿਊ ਯਾਰਕ ਦਾ 111ਵਾਂ ਮੇਅਰ ਬਣਨ ਦਾ ਮਾਣ ਹਾਸਲ ਕੀਤਾ ਹੈ, ਸਗੋਂ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਵੀ ਜ਼ੋਰਦਾਰ ਝਟਕਾ ਦਿੱਤਾ ਹੈ। 34 ਸਾਲਾ ਮਮਦਾਨੀ ਨਿਊ ਯਾਰਕ ਦੇ ਪਹਿਲੇ ਮੁਸਲਮ ਤੇ ਪਹਿਲੇ ਦੱਖਣੀ ਏਸ਼ੀਆਈ ਮੂਲ ਦੇ ਮੇਅਰ ਹੋਣ ਦੇ ਨਾਲ-ਨਾਲ 1970 ਦੇ ਦਹਾਕੇ ਵਿੱਚ ਮੇਅਰ ਬਣੇ ਅਬਰਾਹਮ ਬੀਮ ਦੇ ਬਾਅਦ ਪਹਿਲੇ ਪ੍ਰਵਾਸੀ ਮੇਅਰ ਵੀ ਹੋਣਗੇ। ਯੁਗਾਂਡਾ ਵਿੱਚ ਭਾਰਤੀ ਮੂਲ ਦੇ ਮਾਤਾ-ਪਿਤਾ ਪ੍ਰੋਫੈਸਰ ਮਹਿਮੂਦ ਮਮਦਾਨੀ ਤੇ ਫਿਲਮਸਾਜ਼ ਮੀਰਾ ਨਾਇਰ ਦੇ ਘਰ ਜਨਮੇ ਮਮਦਾਨੀ ਦੀ ਚੜ੍ਹਤ ਨਿਊ ਯਾਰਕ ਦੀ ਵਿਵਧਤਾ ਤੇ ਡੈਮੋਕਰੇਟਿਕ ਪਾਰਟੀ ਦੇ ਆਧਾਰ ਦੀ ਬਦਲਦੀ ਨੁਹਾਰ ਦੋਹਾਂ ਨੂੰ ਦਰਸਾਉਦੀ ਹੈ। ਇਹ ਦਹਾਕਿਆਂ ਤੋਂ ਸ਼ਹਿਰ ਦੀ ਸਿਆਸਤ ’ਤੇ ਹਾਵੀ ਰਹੇ ਤੇ ਪ੍ਰਭਾਵਤ ਕਰਨ ਵਾਲੇ ਅਲਰਟ ਮੱਧਮਾਰਗੀਆਂ ਦੀ ਵੀ ਹਾਰ ਹੈ। ਮਮਦਾਨੀ ਨੇ ਆਪਣੇ ਵਿਚਾਰ ਸ਼ੁਰੂ ਤੋਂ ਹੀ ਸਪੱਸ਼ਟ ਰੱਖੇ। ਉਹ ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਕਿ ਨਿਊ ਯਾਰਕ ਵਿੱਚ ਕਾਫੀ ਯਹੂਦੀ ਰਹਿੰਦੇ ਹਨ, ਇਜ਼ਰਾਈਲ ਦੀ ਕਤਲੇਆਮ ਦੀ ਨੀਤੀ ਦੇ ਖਿਲਾਫ ਤੇ ਫਲਸਤੀਨ ਦੇ ਹੱਕ ਵਿੱਚ ਖੁੱਲ੍ਹ ਕੇ ਬੋਲੇ।
ਚੋਣ ਜਿੱਤਣ ਦੇ ਬਾਅਦ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਮਮਦਾਨੀ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸ਼ਬਦਾਂ ਦਾ ਹਵਾਲਾ ਦਿੱਤਾ। ਉਨ੍ਹਾ ਕਿਹਾ, ‘‘ਤੁਹਾਡੇ ਮੂਹਰੇ ਖੜ੍ਹੇ ਹੋ ਕੇ ਮੈਨੂੰ ਜਵਾਹਰ ਲਾਲ ਨਹਿਰੂ ਦੇ ਸ਼ਬਦ ਯਾਦ ਆ ਰਹੇ ਹਨ। ਇਤਿਹਾਸ ਵਿੱਚ ਅਜਿਹਾ ਛਿਣ ਆਉਂਦਾ ਹੈ, ਪਰ ਬਹੁਤ ਘੱਟ, ਜਦੋਂ ਅਸੀਂ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾਉਦੇ ਹਾਂ, ਜਦੋਂ ਇੱਕ ਯੁੱਗ ਦਾ ਅੰਤ ਹੁੰਦਾ ਹੈ ਅਤੇ ਜਦੋਂ ਲੰਬੇ ਸਮੇਂ ਤੋਂ ਦੱਬੀ ਹੋਈ ਕੌਮ ਦੀ ਆਤਮਾ ਨੂੰ ਬੋਲ ਮਿਲਦੇ ਹਨ। ਅੱਜ ਰਾਤ, ਨਿਊ ਯਾਰਕ ਨੇ ਠੀਕ ਇਹੀ ਕੀਤਾ ਹੈ। ਇਹ ਨਵਾਂ ਯੁੱਗ ਸਪੱਸ਼ਟਤਾ, ਹੌਸਲੇ ਤੇ ਦੂਰਦਿ੍ਰਸ਼ਟੀ ਦੀ ਮੰਗ ਕਰਦਾ ਹੈ-ਬਹਾਨੇਬਾਜ਼ੀਆਂ ਦੀ ਨਹੀਂ। ਇਸ ਦੀ ਸ਼ੁਰੂਆਤ ਸਾਹਸਿਕ ਲੀਡਰਸ਼ਿਪ ਨਾਲ ਸਾਡੇ ਸ਼ਹਿਰ ਦੇ ਰੋਜ਼ੀ-ਰੋਟੀ ਦੇ ਸੰਕਟ ਦਾ ਸਾਹਮਣਾ ਕਰਨ ਲਈ ਹੁਣ ਤੱਕ ਦੀ ਸਭ ਤੋਂ ਵੱਡੇ ਸੱਧਰਾਂ ਵਾਲੀ ਯੋਜਨਾ ਨਾਲ ਹੋਵੇਗੀ।’’
ਮਮਦਾਨੀ ਦੀ ਜਿੱਤ ਟਰੰਪ ਲਈ ਕਈ ਕਾਰਨਾਂ ਕਰਕੇ ਤਕੜਾ ਝਟਕਾ ਹੈ। ਮਮਦਾਨੀ ਪ੍ਰਗਤੀਸ਼ੀਲ ਡੈਮੋਕਰੇਟ ਹਨ। ਉਨ੍ਹਾ ਦੀ ਜਿੱਤ ਪਾਰਟੀ ਅੰਦਰਲੇ ਖੱਬੇ-ਪੱਖੀ/ਪ੍ਰਗਤੀਸ਼ੀਲ ਏਜੰਡੇ (ਜਿਵੇਂ ਘੱਟ ਲਾਗਤ ਵਾਲੀ ਰਿਹਾਇਸ਼, ਕਿਰਾਇਆ ਕੰਟਰੋਲ ਤੇ ਕੰਮਕਾਜੀ ਵਰਗ ਲਈ ਨੀਤੀਆਂ) ਦੀ ਵਧਦੀ ਤਾਕਤ ਨੂੰ ਦਰਸਾਉਦੀ ਹੈ। ਟਰੰਪ, ਜਿਨ੍ਹਾ ਮਮਦਾਨੀ ਨੂੰ ਕਮਿਊਨਿਸਟ ਕਹਿ ਕੇ ਲਗਾਤਾਰ ਹਮਲਾ ਕੀਤਾ ਤੇ ਉਨ੍ਹਾ ਦੀ ਜਿੱਤ ’ਤੇ ਕੇਂਦਰੀ ਫੰਡ ਰੋਕਣ ਦੀ ਧਮਕੀ ਵੀ ਦਿੱਤੀ, ਆਪਣੇ ਸਿੱਧੇ ਦਖਲ ਤੇ ਕੋਸ਼ਿਸ਼ਾਂ ਦੇ ਬਾਵਜੂਦ ਆਪਣੇ ਪਸੰਦੀਦਾ ਉਮੀਦਵਾਰ ਆਜ਼ਾਦ ਐਂਡਿ੍ਰਊ ਕੁਓਮੋ ਨੂੰ ਜਿਤਾ ਨਹੀਂ ਸਕੇ। ਟਰੰਪ ਨੇ ਵੋਟਰਾਂ ਨੂੰ ਮਮਦਾਨੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਤੇ ਇੱਥੋਂ ਤੱਕ ਕਿ ਆਪਣੀ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਕਰਟਿਸ ਸਲੀਵਾ ਦੀ ਬਜਾਇ ਆਜ਼ਾਦ ਕੁਓਮੋ ਦੀ ਹਮਾਇਤ ਕੀਤੀ। ਇਸ ਦੇ ਬਾਵਜੂਦ ਮਮਦਾਨੀ ਦੀ ਜਿੱਤ ਟਰੰਪ ਦੇ ਸਿਆਸੀ ਪ੍ਰਭਾਵ ਤੇ ਤਾਕਤ ’ਤੇ ਸਵਾਲ ਖੜ੍ਹਾ ਕਰ ਗਈ ਹੈ।
ਨਿਊ ਯਾਰਕ ਸਿਟੀ ਹਾਲਾਂਕਿ ਡੈਮੋਕਰੇਟਾਂ ਦਾ ਗੜ੍ਹ ਹੈ, ਪਰ ਟਰੰਪ ਦਾ ‘ਪਹਿਲਾ ਪਿਆਰਾ ਘਰ’ ਵੀ ਹੈ। ਇੱਥੇ ਮਮਦਾਨੀ ਦੀ ਜਿੱਤ ਨਾਲ ਅਮਰੀਕਾ ਦੀ ਸਿਆਸਤ ’ਤੇ ਦੂਰਗਾਮੀ ਪ੍ਰਭਾਵ ਪੈ ਸਕਦਾ ਹੈ। ਇਹ ਜਿੱਤ ਖੱਬੇ-ਪੱਖੀ ਡੈਮੋਕਰੇਟਾਂ ਨੂੰ ਕੌਮੀ ਪੱਧਰ ’ਤੇ ਆਪਣੇ ਏਜੰਡੇ (ਸਿਹਤ ਸੇਵਾ, ਜਲਵਾਯੂ ਪਰਿਵਰਤਨ ਤੇ ਆਰਥਕ ਨਾਬਰਾਬਰੀ) ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਲਈ ਪ੍ਰੋਤਸਾਹਤ ਕਰੇਗੀ। ਨਿਊ ਯਾਰਕ ਵਰਗੇ ਸਭ ਤੋਂ ਵੱਡੇ ਅਮਰੀਕੀ ਸ਼ਹਿਰ ਵਿੱਚ ਮਮਦਾਨੀ ਦੀਆਂ ਨੀਤੀਆਂ (ਜਿਵੇਂ ਕਿਰਾਇਆ ਕੰਟਰੋਲ ਤੇ ਕਿਫਾਇਤੀ ਰਿਹਾਇਸ਼) ਹੋਰਨਾਂ ਵੱਡੇ ਸ਼ਹਿਰਾਂ ਵਿੱਚ ਵੀ ਸ਼ਹਿਰੀ ਨੀਤੀਆਂ ਲਈ ਇੱਕ ਮਾਡਲ ਬਣ ਸਕਦੀਆਂ ਹਨ, ਜਿਸ ਨਾਲ ਕੌਮੀ ਪੱਧਰ ’ਤੇ ਬਹਿਸ ਤੇਜ਼ ਹੋ ਸਕਦੀ ਹੈ।
ਡੈਮੋਕਰੇਟਾਂ ਲਈ ਮਮਦਾਨੀ ਹੀ ਨਹੀਂ ਜਿੱਤੇ, ਉਨ੍ਹਾ ਦੇ ਨਾਲ-ਨਾਲ ਵਰਜੀਨੀਆ ਵਿੱਚ ਡੈਮੋਕਰੇਟ ਅਬਿਗੇਲ ਸਪੈਨਬਰਗਰ ਤੇ ਨਿਊ ਜਰਸੀ ਵਿੱਚ ਡੈਮੋਕਰੇਟ ਮਿਕੀ ਸ਼ੇਰਿਲ ਨੇ ਵੀ ਗਵਰਨਰ ਦੀ ਚੋਣ ਜਿੱਤੀ ਹੈ। ਪਿਟਸਬਰਗ ਦੇ ਮੇਅਰ ਦੀ ਚੋਣ ਡੈਮੋਕਰੇਟ ਕੋਰੇ ਏ ਕੋਨੋਰ ਨੇ ਜਿੱਤੀ ਹੈ। ਸਿਨਸਿਨਾਟੀ ਦੇ ਮੇਅਰ ਦੀ ਚੋਣ ਆਫਤਾਬ ਪੁਰੇਵਾਲ ਨੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਦੇ ਸੌਤੇਲੇ ਭਰਾ ਨੂੰ ਹਰਾ ਕੇ ਦੂਜੀ ਵਾਰ ਜਿੱਤੀ ਹੈ। ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਦੀ ਚੋਣ ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ ਨੇ ਜਿੱਤੀ ਹੈ। ਇਹ ਜਿੱਤਾਂ ਸੰਸਦ (ਲੋਕ ਸਭਾ) ਦੀਆਂ 2026 ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਲਈ ਡੈਮੋਕਰੇਟਾਂ ਲਈ ਟਾਨਿਕ ਦਾ ਕੰਮ ਕਰਨਗੀਆਂ। ਇਨ੍ਹਾਂ ਜਿੱਤਾਂ ਨੇ ਸਾਬਤ ਕੀਤਾ ਹੈ ਕਿ ਟਰੰਪ ਦੀ ਵੰਡਵਾਦੀ ਸਿਆਸਤ ਤੇ ਸੱਭਿਆਚਾਰਕ ਯੁੱਧ ਦੀ ਰਣਨੀਤੀ ਹੁਣ ਆਰਥਿਕ ਚਿੰਤਾਵਾਂ, ਜਿਵੇਂ ਮਹਿੰਗਾਈ ਤੇ ਜ਼ਿੰਦਗੀਆਂ ਦੀਆਂ ਲੋੜਾਂ ਦੀ ਵਧਦੀ ਲਾਗਤ ਨੂੰ ਢਕਣ ਦੇ ਸਮਰੱਥ ਨਹੀਂ ਹਨ। ਮੱਧ ਕਾਲੀ ਚੋਣਾਂ ਵਿੱਚ ਡੈਮੋਕਰੇਟ ਆਪਣੇ ਵੱਧ ਉਮੀਦਵਾਰ ਜਿਤਾ ਕੇ ਸੰਸਦ ਵਿੱਚ ਬਹੁਮਤ ਮੁੜ ਆਪਣੇ ਪੱਖ ਵਿੱਚ ਕਰ ਸਕਦੇ ਹਨ।
ਚੰਦ ਫਤਿਹਪੁਰੀ