ਨਿਊ ਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇਸ ਦਾਅਵੇ ਨੂੰ ਮੁੜ ਦੁਹਰਾਇਆ ਹੈ ਕਿ ਭਾਰਤ ਤੇ ਪਾਕਿਸਤਾਨ ਵਿਚ ਮਈ ਵਿਚ ‘ਅਮਨ ਸ਼ਾਂਤੀ’ ਉਦੋਂ ਸਥਾਪਤ ਹੋਈ, ਜਦੋਂ ਉਨ੍ਹਾਂ ਦੋਵਾਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਮੁਲਕਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਆਪਣੇ ਫੌਜੀ ਟਕਰਾਅ ਨੂੰ ਜਾਰੀ ਰੱਖਦੇ ਹਨ ਤਾਂ ਉਹ (ਟਰੰਪ) ਉਨ੍ਹਾਂ ਨਾਲ ਵਪਾਰ ਸਮਝੌਤਾ ਰੱਦ ਕਰ ਦੇਣਗੇ। ਟਰੰਪ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਫੌਜੀ ਟਕਰਾਅ ਰੁਕਣ ਮਗਰੋਂ ਕਈ ਵਾਰ ਆਪਣਾ ਇਹ ਦਾਅਵਾ ਦੁਹਰਾਇਆ ਹੈ। ਟਰੰਪ ਨੇ ਮਿਆਮੀ ਵਿਚ ‘ਅਮਰੀਕਾ ਬਿਜ਼ਨਸ ਫੋਰਮ’ ਵਿਚ ਆਪਣੇ ਸੰਬੋਧਨ ਵਿਚ ਕਿਹਾ, ‘‘ਅੱਠ ਮਹੀਨਿਆਂ ਵਿਚ ਮੈਂ ਕੋਸੋਵੋ ਤੇ ਸਰਬੀਆ ਅਤੇ ਕਾਂਗੋ ਤੇ ਰਵਾਂਡਾ ਸਣੇ ਅੱਠ ਜੰਗਾਂ ਨੂੰ ਰੋਕਿਆ ਹੈ, ਜੋ ਲੰਮੇ ਸਮੇਂ ਤੋਂ ਜਾਰੀ ਸਨ…ਪਾਕਿਸਤਾਨ ਤੇ ਭਾਰਤ ਵਿਚਾਲੇ ਵੀ।’’ ਉਨ੍ਹਾਂ ਕਿਹਾ, ‘‘ਤੁਸੀਂ ਜਾਣਦੇ ਹੋ, ਮੈਂ ਉਨ੍ਹਾਂ ਦੋਵਾਂ (ਭਾਰਤ ਅਤੇ ਪਾਕਿਸਤਾਨ) ਨਾਲ ਇੱਕ ਵਪਾਰ ਸਮਝੌਤੇ ’ਤੇ ਗੱਲਬਾਤ ਕਰ ਰਿਹਾ ਸੀ ਅਤੇ ਫਿਰ ਮੈਂ ਸੁਣਿਆ ਕਿ ਉਹ ਯੁੱਧ ਕਰਨ ਜਾ ਰਹੇ ਹਨ। 7 ਜਹਾਜ਼ਾਂ ਨੂੰ ਮਾਰ ਸੁੱਟਿਆ ਗਿਆ ਅਤੇ ਅੱਠਵਾਂ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ… ਕੁੱਲ ਅੱਠ ਜਹਾਜ਼।’’




