ਮੋਦੀ ਤੇ ਸ਼ਾਹ ਵੋਟ ਚੋਰੀ ’ਚ ਓੜਕ ਫੜੇ ਜਾਣਗੇ : ਰਾਹੁਲ

0
54

ਕਿਸ਼ਨਗੰਜ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਬਿਹਾਰ ਦੇ ਕਿਸ਼ਨਗੰਜ ਚੋਣ ਰੈਲੀ ਵਿੱਚ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਤੇ ਵੀ ਚਲੇ ਜਾਣ, ਅੰਤ ਵਿੱਚ ਉਹ ਵੋਟ ਚੋਰੀ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਫੜੇ ਜਾਣਗੇ। ਜੇ ਮੋਦੀ ਸਰਕਾਰ ਵੋਟ ਚੋਰੀ ਕਰਨਾ ਬੰਦ ਕਰ ਦੇਵੇ ਤਾਂ ਬਿਹਾਰ ਵਿਚ ਸੌ ਫੀਸਦੀ ਇੰਡੀਆ ਗਠਜੋੜ ਦੀ ਸਰਕਾਰ ਬਣੇਗੀ। ਉਨ੍ਹਾ ਦੋਸ਼ ਲਾਇਆ ਕਿ ਮੋਦੀ, ਸ਼ਾਹ ਤੇ ਚੋਣ ਕਮਿਸ਼ਨ ਕੋਲ ਵੋਟ ਚੋਰੀ ਦੇ ਦੋੋਸ਼ਾਂ ਦਾ ਕੋਈ ਜਵਾਬ ਨਹੀਂ ਹੈ, ਕਿਉਂਕਿ ਲੋਕਾਂ ਨੂੰ ਸਚਾਈ ਪਤਾ ਲੱਗ ਚੁੱਕੀ ਹੈ। ਉਨ੍ਹਾ ਨਿਤੀਸ਼ ਕੁਮਾਰ ’ਤੇ ਵੀ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵੀ ਬਿਹਾਰ ਦੇ ਨੌਜਵਾਨਾਂ ਲਈ ਰੁਜ਼ਗਾਰ ਨਹੀਂ ਚਾਹੁੰਦੇ ਤੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾ ਕਿਹਾ ਕਿ ਭਾਜਪਾ ਤੇ ਆਰ ਐੱਸ ਐੱਸ ਦੇਸ਼ ਵਿਚ ਵੰਡੀਆਂ ਪਾ ਰਹੇ ਹਨ, ਜਦ ਕਿ ਇੰਡੀਆ ਗੱਠਜੋੜ ਦੇਸ਼ ਨੂੰ ਇਕਜੁੱਟ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਭਾਜਪਾ ਤੇ ਆਰ ਐੱਸ ਐੱਸ ਦੇਸ਼ ਵਾਸੀਆਂ ਵਿਚ ਡਰ ਦਾ ਮਾਹੌਲ ਪੈਦਾ ਕਰਕੇ ਤੇ ਇਕ-ਦੂਜੇ ਖ਼ਿਲਾਫ਼ ਨਫਰਤ ਪੈਦਾ ਕਰਕੇ ਰਾਜਨੀਤਕ ਲਾਭ ਲੈਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਲੋਕ ਆਪਸ ਵਿਚ ਲੜਾਈ ਕਰਨ ਤੇ ਉਹ ਸੱਤਾ ’ਤੇ ਕਾਬਜ਼ ਬਣੇ ਰਹਿਣ। ਰਾਹੁਲ ਨੇ ਅਮਿਤ ਸ਼ਾਹ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਬਿਹਾਰ ਆਉਂਦੇ ਹਨ ਤੇ ਕਹਿੰਦੇ ਹਨ ਕਿ ਬਿਹਾਰ ਵਿਚ ਉਦਯੋਗ ਲਗਾਉਣ ਲਈ ਜ਼ਮੀਨ ਨਹੀਂ ਹੈ, ਪਰ ਜਦੋਂ ਅਡਾਨੀ ਦੀ ਗੱਲ ਆਉਂਦੀ ਹੈ ਤਾਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਜ਼ਮੀਨ ਵੀ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ।