ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਕੌਮਾਂਤਰੀ ਪ੍ਰਸਿੱਧੀ ਵਾਲੀ ਯੂਨੀਵਰਸਿਟੀ ਹੈ। ਇਸ ਕਰਕੇ ਇੱਥੇ ਹੋਣ ਵਾਲੀ ਘਟਨਾ ’ਤੇ ਪੂਰੀ ਦੁਨੀਆ ਦਾ ਧਿਆਨ ਜਾਂਦਾ ਹੈ। ਇਸ ਯੂਨੀਵਰਸਿਟੀ ਨੂੰ ਪ੍ਰਗਤੀਸ਼ੀਲ, ਵਿਗਿਆਨਕ ਤੇ ਆਜ਼ਾਦ ਵਿਚਾਰਾਂ ਦੇ ਪ੍ਰਗਟਾਵੇ ਦੀ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੀ ਕੋਈ ਕੌਮੀ-ਕੌਮਾਂਤਰੀ ਘਟਨਾ ਨਹੀਂ ਹੁੰਦੀ, ਜਿਸ ’ਤੇ ਜੇ ਐੱਨ ਯੂ ਦੇ ਵਿਦਿਆਰਥੀ ਆਪਣੀ ਪ੍ਰਤੀਕਿਰਿਆ ਨਾ ਦਿੰਦੇ ਹੋਣ। ਜਿਵੇਂ ਸਾਡੇ ਦੇਸ਼ ਨੂੰ ‘ਆਈਡੀਆ ਆਫ ਇੰਡੀਆ’ ਦਾ ਵਿਚਾਰ ਪ੍ਰੀਭਾਸ਼ਤ ਕਰਦਾ ਹੈ, ਉਸੇ ਨਾਲ ਕਦਮਤਾਲ ਕਰਦਿਆਂ ‘ਆਈਡੀਆ ਆਫ ਜੇ ਐੱਨ ਯੂ’ ਦਾ ਵਿਚਾਰ ਇਸ ਯੂਨੀਵਰਸਿਟੀ ਦੀ ਖਾਸੀਅਤ ਨੂੰ ਪ੍ਰੀਭਾਸ਼ਤ ਕਰਦਾ ਹੈ। ਜਿਵੇਂ ‘ਆਈਡੀਆ ਆਫ ਇੰਡੀਆ’ ਦਾ ਵਿਚਾਰ ਸੰਘੀ ਗ੍ਰੋਹ ਦੇ ਨਿਸ਼ਾਨੇ ’ਤੇ ਹੈ, ਉਵੇਂ ਹੀ ‘ਆਈਡੀਆ ਆਫ ਜੇ ਐੱਨ ਯੂ’ ਨੂੰ ਵੀ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕੋਸ਼ਿਸ਼ ਵਿੱਚ ਸੰਘੀ ਗ੍ਰੋਹ ਨੇ ਇਸ ਯੂਨੀਵਰਸਿਟੀ ਨੂੰ ਦੇਸ਼ਧ੍ਰੋਹੀ ਵਿਦਿਆਰਥੀਆਂ ਦੇ ਜਮਾਵੜੇ ਵਜੋਂ ਬਦਨਾਮ ਕੀਤਾ ਹੈ, ਜਿਹੜੇ ਦੇਸ਼ ਨੂੰ ਕਈ ਟੁਕੜਿਆਂ ਵਿੱਚ ਵੰਡਣ ਦੀ ਫਿਰਾਕ ਵਿੱਚ ਹਨ। ਗੋਦੀ ਮੀਡੀਆ ਰਾਹੀਂ ਇੱਥੇ ਪ੍ਰਗਤੀਸ਼ੀਲ ਤੇ ਖੱਬੇ-ਪੱਖੀ ਸੋਚ ਰੱਖਣ ਵਾਲੇ ਵਿਦਿਆਰਥੀਆਂ ਨੂੰ ‘ਟੁਕੜੇ-ਟੁਕੜੇ ਗੈਂਗ’ ਦੇ ਰੂਪ ਵਿੱਚ ਚਿੱਤਰਤ ਕੀਤਾ ਗਿਆ ਹੈ।
ਜੇ ਐੱਨ ਯੂ ਦੀ ਸਟੂਡੈਂਟਸ ਯੂਨੀਅਨ ਦੀਆਂ ਪਿਛਲੀਆਂ ਚੋਣਾਂ ਤਿੰਨ ਸਾਲ ਪਹਿਲਾਂ 2022 ਵਿੱਚ ਹੋਈਆਂ ਸਨ। ਉਦੋਂ ਆਰ ਐੱਸ ਐੱਸ ਦੀ ਪੈਦਾਵਾਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਦਾ ਆਗੂ ਜਾਇੰਟ ਸਕੱਤਰ ਚੁਣਿਆ ਗਿਆ ਸੀ ਜਦਕਿ ਪ੍ਰਧਾਨ, ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇ ਲੈਫਟ ਨੇ ਜਿੱਤੇ ਸਨ। ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਚਾਰੇ ਅਹੁਦੇ ਲੈਫਟ ਯੂਨਿਟੀ ’ਤੇ ਲੜਨ ਵਾਲੇ ਖੱਬੀ ਸੋਚ ਵਾਲੇ ਵਿਦਿਆਰਥੀਆਂ ਨੇ ਜਿੱਤ ਲਏ। ਇਸ ਨਾਲ ਸੰਘੀ ਗ੍ਰੋਹ ਨੂੰ ਵੱਡਾ ਝਟਕਾ ਲੱਗਾ, ਜਦੋਂ ਕਿ ਸੱਤਾ, ਸੰਘ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਏ ਬੀ ਵੀ ਪੀ ਨੂੰ ਜਿਤਾਉਣ ਲਈ ਪੂਰਾ ਟਿੱਲ ਲਾਇਆ ਸੀ। ਹਮੇਸ਼ਾ ਦੀ ਤਰ੍ਹਾਂ ਇਹ ਚੋਣਾਂ ਵੀ ਵਿਚਾਰਧਾਰਾ ਦਾ ਸੰਘਰਸ਼ ਸਨ ਅਤੇ ਜਦੋਂ ਦੇਸ਼ ਅਣਐਲਾਨੀ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਹੈ, ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖੱਬੇ-ਪੱਖੀ ਵਿਚਾਰਧਾਰਾ ਤੇ ਖੱਬੀਆਂ ਧਿਰਾਂ ਦੇ ਦੇਸ਼ਵਿਆਪੀ ਸੰਘਰਸ਼ਾਂ ਦੀ ਹਮਾਇਤ ਕੀਤੀ ਹੈ। ਜੇ ਐੱਨ ਯੂ ਵਿੱਚ ਬਿਹਾਰ ਤੋਂ ਆਏ ਵਿਦਿਆਰਥੀਆਂ ਦਾ ਵੱਡਾ ਹਿੱਸਾ ਪੜ੍ਹਦਾ ਹੈ। ਇਸ ਲਈ ਜੇ ਐੱਨ ਯੂ ਵਿੱਚ ਖੱਬੇ-ਪੱਖੀਆਂ ਦੀ ਜਿੱਤ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਵੀ ਸੰਕੇਤ ਦਿੰਦੀ ਹੈ। ਜੇ ਐੱਨ ਯੂ ਵਿੱਚ ਖੱਬੇ-ਪੱਖੀਆਂ ਦੀ ਜਿੱਤ ਨਾਲ ਮੋਦੀ-ਸ਼ਾਹ-ਸੰਘ ਦੀ ਤਿਕੜੀ ਨੂੰ ਉਸੇ ਤਰ੍ਹਾਂ ਦਾ ਝਟਕਾ ਲੱਗਾ ਹੈ, ਜਿਵੇਂ ਟਰੰਪ ਨੂੰ ਮਮਦਾਨੀ ਦੇ ਨਿਊ ਯਾਰਕ ਦੇ ਮੇਅਰ ਦੀ ਚੋਣ ਜਿੱਤਣ ਨਾਲ। ਆਖਰਕਾਰ ਭਗਵਾਂ ਵਿਚਾਰਧਾਰਾ ਨੂੰ ਸਿੰਗ ਤੋਂ ਫੜ ਕੇ ਪਟਕਣੀ ਦੇਣ ਦੀ ਤਾਕਤ ਖੱਬੇ-ਪੱਖੀਆਂ ਵਿੱਚ ਹੀ ਹੈ। ਬਿਹਾਰ ਦੀਆਂ ਚੋਣ ਰੈਲੀਆਂ ਵਿੱਚ ਯੋਗੀ ਆਦਿੱਤਿਆ ਨਾਥ ਨੇ ਪੁੱਛਿਆ ਸੀ : ਦੁਨੀਆ ਵਿੱਚ ਕਮਿਊਨਿਸਟ ਹਨ ਕਿੱਥੇ? ਜੇ ਐੱਨ ਯੂ ਨੇ ਇਸ ਦਾ ਜਵਾਬ ਦੇ ਦਿੱਤਾ ਹੈ ਕਿ ਅਸੀਂ ਇੱਥੇ ਹਾਂ। 14 ਨਵੰਬਰ ਨੂੰ ਬਿਹਾਰ ਦੇ ਚੋਣ ਨਤੀਜੇ ਖੱਬੇ-ਪੱਖੀਆਂ ਦੀ ਪ੍ਰਸੰਗਕਤਾ ਨੂੰ ਫਿਰ ਸਿੱਧ ਕਰਨਗੇ।



