ਪਿਆਰ ਨੂੰ ਵੀ ਲਾਈਫ ਸਪੋਰਟ ਦੀ ਲੋੜ!

0
97

ਨਵੀਂ ਦਿੱਲੀ : ਕੌਮੀ ਰਾਜਧਾਨੀ ਦੇ ਲੋਕ ਸ਼ਹਿਰ ਦੇ ਜ਼ਹਿਰੀਲੇ ਪ੍ਰਦੂਸ਼ਣ ਦੇ ਪੱਧਰ ਵਿਰੁੱਧ ਆਪਣਾ ਗੁੱਸਾ ਕੱਢਣ ਲਈ ਵਿਅੰਗ ਦੀ ਵਰਤੋਂ ਕਰ ਰਹੇ ਹਨ। ਦਿੱਲੀ ਦੇ ਦਮ ਘੋਟਣ ਵਾਲੇ ਧੂੰਏਂ ਦੇ ਵਿਚਕਾਰ ‘ਆਕਸੀਜਨ ਮਾਸਕ ਵਾਲੇ ਵਿਆਹ’ ਦੀ ਇੱਕ ਵੀਡੀਓ ਵਾਇਰਲ ਹੋ ਗਈ ਹੈ। ਕਲਿੱਪ ਵਿੱਚ ਇੱਕ ਲਾੜਾ ਅਤੇ ਲਾੜੀ ਆਕਸੀਜਨ ਮਾਸਕ ਪਹਿਨ ਕੇ ਰੋਮਾਂਸ ਕਰਦੇ ਹੋਏ ਦਿਖਾਈ ਦਿੰਦੇ ਹਨ, ਜੋ ਮਹਾਨਗਰ ਵਿੱਚ ਪਿਆਰ ਅਤੇ ਜੀਵਨ ਦਾ ਅਜੀਬ ਦਿ੍ਰੱਸ਼ ਪੇਸ਼ ਕਰਦੀ ਹੈ। ਵਿਆਹ ਵਿੱਚ ਹੋਣ ਵਾਲੇ ਆਮ ਸੀਨ ਦੇ ਉਲਟ, ਇਹ ਰੀਲ ਇੱਕ ਮਜ਼ੇਦਾਰ ਮੋੜ ਲੈਂਦੀ ਹੈ ਜਦੋਂ ਲਾੜਾ ਲਾੜੀ ’ਤੇ ਫੁੱਲ ਨਹੀਂ ਬਲਕਿ ਉਹ ਉਸ ਵੱਲ ਦਵਾਈਆਂ ਦੀਆਂ ਪੱਟੀਆਂ ਸੁੱਟ ਰਿਹਾ ਹੈ।
ਕਿਸੇ ਸ਼ਾਹੀ ਮਹਿਲ ਜਾਂ ਬਾਗ਼ ਦੀ ਬਜਾਏ, ਉਨ੍ਹਾਂ ਦੀਆਂ ਵਿਆਹ ਦੀਆਂ ਤਸਵੀਰਾਂ ਇੱਕ ਹਸਪਤਾਲ ਦੇ ਕਮਰੇ ਵਿੱਚ ਲਈਆਂ ਗਈਆਂ ਹਨਜਿਸ ਵਿੱਚ ਪਿਛੋਕੜ ਵਿੱਚ ਆਕਸੀਜਨ ਸਿਲੰਡਰ ਹਨ ਅਤੇ ਲਾੜੀ ਸਾਹ ਲੈਣ ਲਈ ਤਰਸ ਰਹੇ ਲਾੜੇ ਨੂੰ ਸੀ ਪੀ ਆਰ ਦੇ ਰਹੀ ਹੈ। ਵੀਡੀਓ ਦਾ ਅੰਤ ਜੋੜੇ ਦੇ ਇਕੱਠੇ ਪੋਜ਼ ਦੇਣ ਨਾਲ ਹੁੰਦਾ ਹੈ… ਹੱਥ ਮਿਲੇ ਹੋਏ, ਮਾਸਕ ਪਹਿਨੇ ਹੋਏ… ਇਹ ਸਾਬਤ ਕਰਦਾ ਹੈ ਕਿ ਦਿੱਲੀ ਵਿੱਚ, ਪਿਆਰ ਨੂੰ ਵੀ ਲਾਈਫ ਸਪੋਰਟ ਦੀ ਲੋੜ ਹੈ।
ਇਸ ਤਰ੍ਹਾਂ ਦੀ ਇੱਕ ਹੋਰ ਵਾਇਰਲ ਪੋਸਟ ਵਿੱਚ ਐਕਸ ’ਤੇ ਇੱਕ ਸੁਪਰਮੈਨ ਨੂੰ ਹਸਪਤਾਲ ਦੇ ਬਿਸਤਰੇ ’ਤੇ ਆਕਸੀਜਨ ਮਾਸਕ ਪਾਏ ਬੈਠਾ ਦਿਖਾਇਆ ਗਿਆ ਹੈ, ਜਿਸ ਦਾ ਕੈਪਸ਼ਨ ਹੈ : ਦਿੱਲੀ ਦੀ ਹਵਾ ਵਿੱਚ 10 ਮਿੰਟ ਉੱਡਣ ਤੋਂ ਬਾਅਦ ਸੁਪਰਮੈਨ। ਬਾਲੀਵੁੱਡ ਫਿਲਮ ’ਦਿੱਲੀ-6’ ਦਾ ਗੀਤ ‘ਯੇਹ ਦਿੱਲੀ ਹੈ ਮੇਰੇ ਯਾਰ’ ਬੈਕਗ੍ਰਾਊਂਡ ਵਿੱਚ ਚੱਲਦੇ ਹੋਏ ਇੱਕ ਇੰਸਟਾਗ੍ਰਾਮ ਰੀਲ ਦੀ ਕੈਪਸ਼ਨ ਹੈ : ਦਿੱਲੀ ਮੇਂ ਇਤਨਾ ਪੌਲਿਊਸ਼ਨ ਹੈ ਕਿ ਲੋਗ ਪੂਛ ਰਹੇ ਹੈਂ ਤੂ ਜਾਨਤਾ ਹੈ ਮੇਰਾ ਬਾਪ ਕਹਾਂ ਹੈ? ਇਹ ਕੈਪਸ਼ਨ ਦਿੱਲੀ ਵਿੱਚ ਅਕਸਰ ਦਿੱਤੀ ਜਾਣ ਵਾਲੀ ਧਮਕੀ, ਤੂ ਜਾਨਤਾ ਨਹੀਂ ਮੇਰਾ ਬਾਪ ਕੌਨ ਹੈ? ਨੂੰ ਇੱਕ ਮਜ਼ੇਦਾਰ ਮੋੜ ਦਿੰਦਾ ਹੈ। ਦਿੱਲੀ ਦਾ ਨਾਂਅ ਬਦਲ ਕੇ ਇੰਦਰਪ੍ਰਸਥ ਕਰਨ ਦੀਆਂ ਮੰਗਾਂ ਦੇ ਵਿਚਕਾਰ, ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਟਿੱਪਣੀ ਕੀਤੀ, ਦਿੱਲੀ ਦਾ ਨਾਂਅ ਬਦਲ ਕੇ ਇੰਦਰਪ੍ਰਸਥ ਕੀਤਾ ਜਾ ਰਿਹਾ ਹੈ, ਹੁਣ ਪ੍ਰਦੂਸ਼ਣ ਅਤੇ ਅਪਰਾਧ ਵੀ 14ਵੀਂ ਸਦੀ ਵਿੱਚ ਵਾਪਸ ਚਲੇ ਜਾਣਗੇ। ਨੈਟੀਜ਼ਨਾਂ ਨੇ ਰਾਜਨੀਤੀ ਅਤੇ ਪ੍ਰਦੂਸ਼ਣ ਦਾ ਇਕੱਠੇ ਮਜ਼ਾਕ ਵੀ ਉਡਾਇਆ ਹੈ, ਇੱਕ ਪੋਸਟਰ ਇੰਸਟਾਗ੍ਰਾਮ ’ਤੇ ਘੁੰਮ ਰਿਹਾ ਸੀ, ਜਿਸ ’ਤੇ ਲਿਖਿਆ ਸੀ : ਅਬ ਕੀ ਬਾਰ ਏ ਕਿਊ ਆਈ 1000 ਪਾਰ।