ਫਰੀਦਾਬਾਦ : ਜੰਮੂ-ਕਸ਼ਮੀਰ ਪੁਲਸ ਨੇ ਜੈਸ਼-ਏ-ਮੁਹੰਮਦ ਅਤੇ ਅਨਸਾਰ ਗਜ਼ਵਤ-ਉਲ-ਹਿੰਦ ਜਥੇਬੰਦੀਆਂ ਦੇ ਇੱਕ ਅੰਤਰਰਾਜੀ ਤੇ ਅੰਤਰ-ਰਾਸ਼ਟਰੀ ਅੱਤਵਾਦੀ ਮਡਿਊਲ ਦਾ ਪਰਦਾ ਫਾਸ਼ ਕਰਦੇ ਹੋਏ ਮਹਿਲਾ ਡਾਕਟਰ ਸਣੇ 3 ਡਾਕਟਰਾਂ ਤੇ ਪੰਜ ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ।
ਫਰੀਦਾਬਾਦ ਤੇ ਜੰਮੂ-ਕਸ਼ਮੀਰ ਪੁਲਸ ਵੱਲੋਂ ਸਾਂਝੇ ਤੌਰ ’ਤੇ ਕੀਤੇ ਗਏ ਇਸ ਅਪ੍ਰੇਸ਼ਨ ਦੌਰਾਨ 2900 ਕਿੱਲੋ ਵਿਸਫੋਟਕ (ਆਈ ਈ ਡੀ) ਬਣਾਉਣ ਵਾਲੀ ਸਮੱਗਰੀ ਦੇ ਨਾਲ-ਨਾਲ ਹੋਰ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਇੱਕ ਪੁਲਸ ਬੁਲਾਰੇ ਨੇ ਦੱਸਿਆ ਕਿ 19 ਅਕਤੂਬਰ ਨੂੰ ਸ੍ਰੀਨਗਰ ਸ਼ਹਿਰ ਦੇ ਬੁਨਪੋਰਾ ਨੌਗਾਮ ਖੇਤਰ ਵਿੱਚ ਵੱਖ-ਵੱਖ ਥਾਵਾਂ ’ਤੇ ਜੈਸ਼-ਏ-ਮੁਹੰਮਦ ਦੇ ਕਈ ਪੋਸਟਰ ਲੱਗੇ ਹੋਏ ਮਿਲੇ ਸਨ, ਜਿਨ੍ਹਾਂ ਵਿੱਚ ਪੁਲਸ ਅਤੇ ਸੁਰੱਖਿਆ ਬਲਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਅਨੁਸਾਰ ਥਾਣਾ ਨੌਗਾਮ ਵਿਖੇ ਯੂ ਏ ਪੀ ਏ ਐਕਟ, ਬੀ ਐੱਨ ਐੱਸ, ਵਿਸਫੋਟਕ ਪਦਾਰਥ ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਤੋਂ ਇੱਕ ‘ਵ੍ਹਾਈਟ ਕਾਲਰ ਟੈਰਰ ਈਕੋ ਸਿਸਟਮ’ ਦਾ ਖੁਲਾਸਾ ਹੋਇਆ ਹੈ, ਜਿਸ ਵਿੱਚ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਰਹਿਣ ਵਾਲੇ ਕੱਟੜਪੰਥੀ ਪੇਸ਼ੇਵਰ ਅਤੇ ਵਿਦਿਆਰਥੀ ਸ਼ਾਮਲ ਹਨ, ਜੋ ਪਾਕਿਸਤਾਨ ਅਤੇ ਹੋਰ ਦੇਸ਼ਾਂ ਤੋਂ ਕੰਮ ਕਰ ਰਹੇ ਹਨ।
ਪੁਲਸ ਅਨੁਸਾਰ ਇਹ ਸਮੂਹ ਪ੍ਰੇਰਿਤ ਕਰਨ, ਤਾਲਮੇਲ ਬਣਾਉਣ, ਫੰਡਾਂ ਦੀ ਹੇਰਾਫੇਰੀ ਅਤੇ ਲੌਜਿਸਟਿਕਸ ਲਈ ਐਨਕਿ੍ਰਪਟਡ ਚੈਨਲਾਂ ਦੀ ਵਰਤੋਂ ਕਰ ਰਿਹਾ ਸੀ। ਫੰਡ ਪੇਸ਼ੇਵਰ ਅਤੇ ਅਕਾਦਮਿਕ ਨੈੱਟਵਰਕਾਂ ਰਾਹੀਂ, ਸਮਾਜਕ/ ਚੈਰੀਟੇਬਲ ਕਾਰਨਾਂ ਦੀ ਆੜ ਹੇਠ ਇਕੱਠੇ ਕੀਤੇ ਜਾ ਰਹੇ ਸਨ। ਦੋਸ਼ੀ ਕੱਟੜਪੰਥੀ ਬਣਾਉਣ, ਉਨ੍ਹਾਂ ਨੂੰ ਅੱਤਵਾਦੀਆਂ ਦੀਆਂ ਸਫ਼ਾਂ ਵਿੱਚ ਸ਼ਾਮਲ ਕਰਨ ਅਤੇ ਭਰਤੀ ਕਰਨ ਲਈ ਵਿਅਕਤੀਆਂ ਦੀ ਪਛਾਣ ਕਰਨ, ਇਸ ਤੋਂ ਇਲਾਵਾ ਫੰਡ ਇਕੱਠੇ ਕਰਨ, ਲੌਜਿਸਟਿਕਸ ਦਾ ਪ੍ਰਬੰਧ ਕਰਨ, ਹਥਿਆਰ/ ਗੋਲਾ-ਬਾਰੂਦ ਅਤੇ ਆਈ ਈ ਡੀ ਤਿਆਰ ਕਰਨ ਲਈ ਸਮੱਗਰੀ ਦੀ ਖਰੀਦ ਵਿੱਚ ਸ਼ਾਮਲ ਪਾਏ ਗਏ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਆਰਿਫ਼ ਨਿਸਾਰ ਡਾਰ ਉਰਫ ਸਾਹਿਲ, ਯਾਸਿਰ-ਉਲ-ਅਸ਼ਰਫ਼ ਤੇ ਮਕਸੂਦ ਅਹਿਮਦ ਡਾਰ ਉਰਫ ਸ਼ਾਹਿਦ (ਸਾਰੇ ਨੌਗਾਮ, ਸ੍ਰੀਨਗਰ ਦੇ ਵਸਨੀਕ), ਮੌਲਵੀ ਇਰਫਾਨ ਅਹਿਮਦ (ਇੱਕ ਮਸਜਿਦ ਦਾ ਇਮਾਮ), ਜ਼ਮੀਰ ਅਹਿਮਦ ਅਹੰਗਰ ਉਰਫ ਮੁਤਲਾਸ਼ਾ (ਗੰਦਰਬਲ ਦੇ ਵਾਕੁਰਾ ਖੇਤਰ ਦਾ ਵਸਨੀਕ), ਡਾ. ਮੁਜ਼ੰਮਿਲ ਅਹਿਮਦ ਗਨਾਈ ਉਰਫ ਮੁਸੈਬ (ਪੁਲਵਾਮਾ ਦੇ ਕੋਇਲ ਖੇਤਰ ਦਾ ਵਸਨੀਕ) ਅਤੇ ਡਾ. ਅਦੀਲ (ਕੁਲਗਾਮ ਦੇ ਵਾਨਪੋਰਾ ਖੇਤਰ ਦਾ ਵਸਨੀਕ) ਵਜੋਂ ਹੋਈ ਹੈ। ਇੱਕ ਮਹਿਲਾ ਡਾਕਟਰ ਸ਼ਾਹੀਨ ਨੂੰ ਲਖਨਊ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਡਾ. ਮੁਜ਼ੰਮਿਲ ਅਹਿਮਦ ਗਨਾਈ ਨੂੰ ਲਗਭਗ 360 ਕਿਲੋਗ੍ਰਾਮ ਵਿਸਫੋਟਕਾਂ (ਜਿਨ੍ਹਾਂ ’ਤੇ ਅਮੋਨੀਅਮ ਨਾਈਟਰੇਟ ਹੋਣ ਦਾ ਸ਼ੱਕ ਹੈ) ਅਤੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਗਿ੍ਰਫਤਾਰ ਕੀਤਾ ਗਿਆ, ਜੋ ਉਸ ਦੀ ਫਰੀਦਾਬਾਦ ਵਿੱਚ ਕਿਰਾਏ ’ਤੇ ਲਈ ਗਈ ਰਿਹਾਇਸ਼ ਤੋਂ ਬਰਾਮਦ ਕੀਤਾ ਗਿਆ। ਗਨਾਈ ਅਲ ਫਲਾਹਾ ਯੂਨੀਵਰਸਿਟੀ ਵਿੱਚ ਇੱਕ ਅਧਿਆਪਕ ਹੈ। ਬਰਾਮਦਗੀਆਂ ਵਿੱਚ ਇੱਕ ਚੀਨੀ ਸਟਾਰ ਪਿਸਤੌਲ, ਇੱਕ ਬੇਰੇਟਾ ਪਿਸਤੌਲ, ਇੱਕ ਏ ਕੇ 56 ਰਾਈਫਲ, ਇੱਕ ਏ ਕੇ ਕਿ੍ਰੰਕੋਵ ਰਾਈਫਲ ਅਤੇ 2900 ਕਿੱਲੋ ਵਿਸਫੋਟਕ ਬਣਾਉਣ ਵਾਲੀ ਸਮੱਗਰੀ ਸ਼ਾਮਲ ਹੈ।




