ਪਟਨਾ : ਆਰ ਜੇ ਡੀ ਆਗੂ ਤੇਜਸਵੀ ਯਾਦਵ ਨੇ ਬੁੱਧਵਾਰ ਨੂੰ ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਨੂੰ ਖਾਰਜ ਕਰ ਦਿੱਤਾ ਕਿ ਐੱਨ ਡੀ ਏ ਬਿਹਾਰ ਵਿੱਚ ਸੱਤਾ ’ਚ ਵਾਪਸ ਆਵੇਗਾ ਅਤੇ ਦਾਅਵਾ ਕੀਤਾ ਕਿ ਅਜਿਹੇ ਅਨੁਮਾਨ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦੇ ਨਿਰਦੇਸ਼ਾਂ ’ਤੇ ਕੀਤੇ ਗਏ ਸਨ। ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾ ਇਹ ਵੀ ਭਰੋਸਾ ਪ੍ਰਗਟਾਇਆ ਕਿ ਵਿਰੋਧੀ ਆਈ ਐੱਨ ਡੀ ਆਈ ਏ ਗਠਜੋੜ ਸੂਬੇ ਵਿੱਚ ਸਰਕਾਰ ਬਣਾਏਗਾ। ਆਰ ਜੇ ਡੀ ਆਗੂ ਨੇ ਦੋਸ਼ ਲਾਇਆ, ‘‘ਐਗਜ਼ਿਟ ਪੋਲ ਕੁਝ ਵੀ ਨਹੀਂ ਹਨ। ਇਹ ਅਨੁਮਾਨ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦੇ ਨਿਰਦੇਸ਼ਾਂ ’ਤੇ ਕੀਤੇ ਗਏ ਹਨ।’’ ਮੰਗਲਵਾਰ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੇ ਗਏ ਐਗਜ਼ਿਟ ਪੋਲਾਂ ਨੇ ਸੂਬੇ ਵਿੱਚ ਐੱਨ ਡੀ ਏ ਸਰਕਾਰ ਦੀ ਵਾਪਸੀ, ਵਿਰੋਧੀ ‘ਮਹਾਂਗਠਜੋੜ’ ਲਈ ਮਾੜਾ ਪ੍ਰਦਰਸ਼ਨ ਅਤੇ ਸਾਬਕਾ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੂਰਾਜ ਪਾਰਟੀ ਲਈ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਭਵਿੱਖਬਾਣੀ ਕੀਤੀ ਸੀ।


