ਲੁਧਿਆਣਾ ’ਚ ਹੈਂਡ ਗਰਨੇਡ ਸਣੇ 10 ਗਿ੍ਰਫਤਾਰ

0
90

ਲੁਧਿਆਣਾ : ਸਥਾਨਕ ਪੁਲਸ ਨੇ ਵੱਡੀ ਦਹਿਸ਼ਤੀ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਦੀ ਸਮੇਂ ਸਿਰ ਅਤੇ ਸੁਚਾਰੂ ਤਰੀਕੇ ਨਾਲ ਕੀਤੀ ਗਈ ਕਾਰਵਾਈ ਨਾਲ ਗਰਨੇਡ ਹਮਲੇ ਨੂੰ ਰੋਕ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ 10 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਵਿਦੇਸ਼ ਅਧਾਰਤ ਹੈਂਡਲਰਾਂ, ਜਿਨ੍ਹਾਂ ਦੇ ਪਾਕਿਸਤਾਨ ਨਾਲ ਸੰਭਾਵਤ ਸੰਬੰਧ ਹਨ, ਦੀ ਤਲਾਸ਼ ਜਾਰੀ ਹੈ। ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਯੂ ਪੀ ਏ ਪੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਰੈੱਡ ਕਾਰਨਰ ਨੋਟਿਸ ਵਿਦੇਸ਼ ਵਿੱਚ ਬੈਠੇ ਮੁਲਜ਼ਮਾਂ ਖ਼ਿਲਾਫ਼ ਜਾਰੀ ਕੀਤੇ ਗਏ ਹਨ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਲੁਧਿਆਣਾ ਪੁਲਸ ਨੇ ਐਕਸਪਲੋਸਿਵਜ਼ ਐਕਟ ਅਤੇ ਬੀ ਐੱਨ ਐੱਸ ਦੀਆਂ ਧਾਰਾਵਾਂ ਅਧੀਨ ਥਾਣਾ ਜੋਧੇਵਾਲ ਵਿੱਚ ਕੁਲਦੀਪ ਸਿੰਘ, ਸ਼ੇਖਰ ਸਿੰਘ, ਅਜੈ ਸਿੰਘ (ਤਿੰਨੇ ਮੁਕਤਸਰ ਸਾਹਿਬ ਵਾਸੀ) ਵਿਰੁੱਧ ਕੇਸ ਦਰਜ ਕੀਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ ਸੀ ਪੀ (ਇਨਵੈਸਟੀਗੇਸ਼ਨ) ਅਤੇ ਡੀ ਸੀ ਪੀ (ਸ਼ਹਿਰੀ) ਦੀ ਦੇਖ-ਰੇਖ ਹੇਠ ਖ਼ਾਸ ਟੀਮਾਂ ਬਣਾਈਆਂ ਗਈਆਂ । ਮੁਢਲੀ ਜਾਂਚ ਵਿੱਚ ਪਤਾ ਲੱਗਾ ਕਿ ਦੋਸ਼ੀਆਂ ਨੂੰ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ ਐੱਸ ਆਈ) ਨੇ ਆਪਣੇ ਵਿਦੇਸ਼ੀ ਹੈਂਡਲਰਾਂ ਰਾਹੀਂ ਲੁਧਿਆਣਾ ਦੇ ਸੰਘਣੀ ਅਬਾਦੀ ਵਾਲੇ ਖੇਤਰ ਵਿੱਚ ਗਰਨੇਡ ਹਮਲਾ ਕਰਨ ਦਾ ਕੰਮ ਸੌਂਪਿਆ ਸੀ, ਜਿਸ ਦਾ ਉਦੇਸ਼ ਦਹਿਸ਼ਤ ਫੈਲਾਉਣਾ ਸੀ। ਜਾਂਚ ਦੌਰਾਨ ਮਾਸਟਰਮਾਈਂਡਾਂ ਦੀ ਪਛਾਣ ਕੀਤੀ ਗਈ ਹੈ, ਜਿਸ ਵਿੱਚ ਅਜੈ ਮਲੇਸ਼ੀਆ, ਸਥਾਈ ਨਿਵਾਸੀ ਸ੍ਰੀ ਗੰਗਾਨਗਰ, ਜੱਸ ਬੇਹਬਲ (ਹੁਣ ਮਲੇਸ਼ੀਆ ਵਿੱਚ), ਪਵਨਦੀਪ, ਨਿਵਾਸੀ ਮਲੇਸ਼ੀਆ, ਸਥਾਈ ਸ੍ਰੀ ਗੰਗਾਨਗਰ, ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪੰਜਾਬ ਵਿੱਚ ਹੈਂਡ ਗਰਨੇਡ ਦੀ ਸਪਲਾਈ ਵਿੱਚ ਸ਼ਾਮਲ ਸਥਾਨਕ ਸਮੂਹ ਦਾ ਖ਼ੁਲਾਸਾ ਹੋਇਆ ਹੈ।
ਇਸ ਦੌਰਾਨ ਸੁਖਜੀਤ ਸਿੰਘ ਉਰਫ਼ ਸੁੱਖ ਬਰਾੜ, ਸੁਖਵਿੰਦਰ ਸਿੰਘ ਦੋਵੇਂ ਨਿਵਾਸੀ ਫਰੀਦਕੋਟ ਅਤੇ ਕਰਨਵੀਰ ਸਿੰਘ ਉਰਫ ਵਿੱਕੀ, ਨਿਵਾਸੀ ਸ੍ਰੀ ਗੰਗਾਨਗਰ, ਰਾਜਸਥਾਨ ਅਤੇ ਸਾਜਨ ਕੁਮਾਰ ਉਰਫ ਸੰਜੂ ਨਿਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇੱਕ ਚੀਨੀ ਹੈਂਡ ਗਰਨੇਡ, ਇੱਕ ਕਿੱਟ, ਅਤੇ ਦਸਤਾਨੇ ਬਰਾਮਦ ਕੀਤੇ ਗਏ ਹਨ। ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।