ਅਲੀਗੜ੍ਹ : ਇੱਥੇ ਸਵੇਰ ਦੀ ਸਭਾ ਦੌਰਾਨ ਕਥਿਤ ਤੌਰ ’ਤੇ ‘ਵੰਦੇ ਮਾਤਰਮ’ ਗਾਏ ਜਾਣ ’ਤੇ ਇਤਰਾਜ਼ ਜਤਾਉਣ ਦੇ ਦੋਸ਼ ਹੇਠ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਰਾਕੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਹਪੁਰ ਕੁਤੁਬ ਖੇਤਰ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿੱਚ ਵਾਪਰੀ। ਅਧਿਆਪਕ ਸ਼ਮਸੁਲ ਹਸਨ ਨੇ ਕਥਿਤ ਤੌਰ ’ਤੇ ਇਤਰਾਜ਼ ਉਠਾਇਆ, ਜਦੋਂ ਸਵੇਰ ਦੀ ਸਭਾ ਵਿੱਚ ਰਾਸ਼ਟਰੀ ਗੀਤ ਤੋਂ ਬਾਅਦ ‘ਵੰਦੇ ਮਾਤਰਮ’ ਗੀਤ ਨੂੰ ਸ਼ਾਮਲ ਕੀਤਾ ਗਿਆ ਸੀ। ਸਕੂਲ ਅਧਿਕਾਰੀਆਂ ਦੀ ਲਿਖਤੀ ਸ਼ਿਕਾਇਤ ਤੋਂ ਬਾਅਦ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਸਕੂਲ ਦਾ ਦੌਰਾ ਕੀਤਾ ਅਤੇ ਸਟਾਫ਼ ਦੇ ਬਿਆਨ ਦਰਜ ਕੀਤੇ। ਜਾਂਚ ਵਿੱਚ ਖੁਲਾਸਾ ਹੋਇਆ ਕਿ ਹਸਨ ਨੇ ਬਹਿਸ ਦੌਰਾਨ ਸਹਿਕਰਮੀਆਂ ਨਾਲ ਬਦਸਲੂਕੀ ਵੀ ਕੀਤੀ ਸੀ। ਸਕੂਲ ਦੀ ਪਿ੍ਰੰਸੀਪਲ ਸੁਸ਼ਮਾ ਰਾਣੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਹਸਨ ਨੇ ਦਾਅਵਾ ਕੀਤਾ ਸੀ ਕਿ ‘ਵੰਦੇ ਮਾਤਰਮ’ ਗਾਉਣਾ ਉਸ ਦੇ ਧਰਮ ਦੇ ਸਿਧਾਂਤਾਂ ਦੇ ਵਿਰੁੱਧ ਹੈ। ਕਈ ਅਧਿਆਪਕਾਂ ਨੇ ਪੁਸ਼ਟੀ ਕੀਤੀ ਕਿ ਹਸਨ ਨੇ ਚਿੰਤਾ ਪ੍ਰਗਟਾਈ ਸੀ ਕਿ ਕੁਝ ਮੁਸਲਿਮ ਪਰਵਾਰ ਸਕੂਲ ਵਿੱਚ ਇਹ ਗੀਤ ਗਾਏ ਜਾਣ ’ਤੇ ਇਤਰਾਜ਼ ਕਰ ਸਕਦੇ ਹਨ। ਜਾਂਚ ਤੋਂ ਬਾਅਦ ਸਿੱਖਿਆ ਵਿਭਾਗ ਨੇ ਅਧਿਕਾਰਤ ਨਿਰਦੇਸ਼ਾਂ ਦੀ ਕਥਿਤ ਤੌਰ ’ਤੇ ਉਲੰਘਣਾ ਕਰਨ ਅਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਹਸਨ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ। ਆਪਣੇ ਜਵਾਬ ਵਿੱਚ ਹਸਨ ਨੇ ਸਹਿਕਰਮੀਆਂ ਨਾਲ ਬਦਸਲੂਕੀ ਕਰਨ ਤੋਂ ਇਨਕਾਰ ਕੀਤਾ ਪਰ ਨਵੀਂ ਪ੍ਰਥਾ ’ਤੇ ਸਵਾਲ ਚੁੱਕਣ ਦੀ ਪੁਸ਼ਟੀ ਕੀਤੀ। ਉਸ ਨੇ ਕਿਹਾ, ‘ਕਿਉਂਕਿ ਇਹ ਗੀਤ ਨਵਾਂ ਸ਼ੁਰੂ ਕੀਤਾ ਜਾ ਰਿਹਾ ਸੀ, ਇਸ ਲਈ ਮੈਂ ਸਿਰਫ਼ ਇਹੀ ਸੁਝਾਅ ਦਿੱਤਾ ਸੀ ਕਿ ਸਕੂਲ ਨੂੰ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਉਨ੍ਹਾਂ ਪਰਵਾਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ, ਜਿਨ੍ਹਾਂ ਨੂੰ ਕੋਈ ਇਤਰਾਜ਼ ਹੋ ਸਕਦਾ ਹੈ। ਸਿੱਖਿਆ ਵਿਭਾਗ ਨੇ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਤਰ ਪ੍ਰਦੇਸ਼ ਦੇ ਸਾਰੇ ਸਕੂਲਾਂ ਤੇ ਵਿਦਿਅਕ ਸੰਸਥਾਵਾਂ ਵਿੱਚ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਕਰ ਦਿੱਤਾ ਸੀ।




