ਸ਼ੇਖ਼ ਹਸੀਨਾ ਬਾਰੇ 17 ਨੂੰ ਆਵੇਗਾ ਫ਼ੈਸਲਾ

0
45

ਢਾਕਾ : ਬੰਗਲਾਦੇਸ਼ ਦੀ ਵਿਸ਼ੇਸ਼ ਅਦਾਲਤ ਅੰਤਰਰਾਸ਼ਟਰੀ ਅਪਰਾਧ ਟਿ੍ਰਬਿਊਨਲ 17 ਨਵੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਆਪਣਾ ਫੈਸਲਾ ਸੁਣਾਏਗੀ। ਸਰਕਾਰੀ ਵਕੀਲ ਨੇ ਹਸੀਨਾ ਵਿਰੁੱਧ ਪੰਜ ਗੰਭੀਰ ਦੋਸ਼ ਲਗਾਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਤਲ, ਅਪਰਾਧ ਨੂੰ ਰੋਕਣ ਵਿਚ ਅਸਫ਼ਲਤਾ ਅਤੇ ਮਨੁੱਖਤਾ ਵਿਰੁੱਧ ਅਪਰਾਧ ਹਨ। ਸਰਕਾਰੀ ਵਕੀਲ ਨੇ ਸ਼ੇਖ਼ ਹਸੀਨਾ ਲਈ ਫ਼ਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨੇ ਵੀਰਵਾਰ ਨੂੰ ਬੰਦ ਦਾ ਐਲਾਨ ਕੀਤਾ। ਅਵਾਮੀ ਲੀਗ ਬੰਦ ਕਾਰਨ ਰਾਜਧਾਨੀ ਢਾਕਾ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਤਾਲਾਬੰਦੀ ਵਰਗੀ ਸਥਿਤੀ ਲਾਗੂ ਕਰ ਦਿੱਤੀ ਗਈ ਹੈ। ਬੰਗਲਾਦੇਸ਼ ਹਾਈ ਅਲਰਟ ’ਤੇ ਹੈ। ਇਸਤਗਾਸਾ ਟੀਮ ਦੇ ਇਕ ਮੈਂਬਰ ਨੇ ਦੱਸਿਆ ਕਿ ਅਪਰਾਧਿਕ ਟਿ੍ਰਬਿਊਨਲ ਆਪਣਾ ਫੈਸਲਾ ਨਿਰਧਾਰਤ ਸਮੇਂ ਅਨੁਸਾਰ ਸੁਣਾਏਗਾ। ਸ਼ੇਖ ਹਸੀਨਾ ਵਿਰੁੱਧ ਫੈਸਲੇ ਦੇ ਮੱਦੇਨਜ਼ਰ ਸਰਕਾਰ ਨੇ ਢਾਕਾ ਵਿਚ ਫ਼ੌਜ, ਬਾਰਡਰ ਗਾਰਡ ਬੰਗਲਾਦੇਸ਼ ਅਤੇ ਦੰਗਾ ਵਿਰੋਧੀ ਪੁਲਸ ਤਾਇਨਾਤ ਕੀਤੀ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀਆਂ ਨੇ ਢਾਕਾ, ਮੁਨਸ਼ੀਗੰਜ, ਕੇਂਦਰੀ ਤਾਂਗੈਲ ਅਤੇ ਦੱਖਣ-ਪੱਛਮੀ ਗੋਪਾਲਗੰਜ ਵਿਚ ਪੰਜ ਖਾਲੀ ਬੱਸਾਂ ਨੂੰ ਅੱਗ ਲਗਾ ਦਿੱਤੀ ਹੈ। ਮਨੁੱਖਤਾ ਵਿਰੁੱਧ ਅਪਰਾਧ ਮਾਮਲੇ ਵਿਚ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਤੇ ਸਾਬਕਾ ਪੁਲਸ ਮੁਖੀ ਅਬਦੁੱਲਾ ਅਲ ਮਨੂਨ ਵੀ ਮੁਲਜ਼ਮ ਹਨ।