ਤਰਨ ਤਾਰਨ ਤੋਂ ‘ਆਪ’ ਦੇ ਹਰਮੀਤ ਸਿੰਘ ਸੰਧੂ ਜੇਤੂ

0
120

ਅਕਾਲੀ ਦਲ ਦੂਜੇ ਤੇ ਕਾਂਗਰਸ ਚੌਥੇ ਨੰਬਰ ’ਤੇ, ਭਾਜਪਾ ਦੀ ਜ਼ਮਾਨਤ ਜ਼ਬਤ
ਤਰਨ ਤਾਰਨ : ‘ਆਪ’ ਉਮੀਦਦਾਰ ਹਰਮੀਤ ਸਿੰਘ ਸੰਧੂ ਨੇ ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ 42649 ਵੋਟਾਂ ਪਈਆਂ। ਉਨ੍ਹਾ ਸ਼ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਨੂੰ 12091 ਵੋਟਾਂ ਦੇ ਫ਼ਰਕ ਨਾਲ ਹਰਾਇਆ। ਅਕਾਲੀ ਉਮੀਦਵਾਰ ਨੂੰ 30558 ਵੋਟਾਂ ਪਈਆਂ। ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ, ਜਿਸ ਨੂੰ ‘ਵਾਰਿਸ ਪੰਜਾਬ ਦੇ’ ਤੇ ਹੋਰਨਾਂ ਪੰਥਕ ਧਿਰਾਂ ਦੀ ਹਮਾਇਤ ਹਾਸਲ ਸੀ, 19620 ਵੋਟਾਂ ਨਾਲ ਤੀਜੇ ਸਥਾਨ ’ਤੇ ਰਿਹਾ।
ਕਾਂਗਰਸ ਦੇ ਕਰਨਬੀਰ ਸਿੰਘ ਬੁਰਜ ਨੂੰ 15078 ਵੋਟਾਂ ਪਈਆਂ। ਭਾਜਪਾ ਦੇ ਹਰਜੀਤ ਸਿੰਘ ਸੰਧੂ 6239 ਵੋਟਾਂ ਲੈ ਕੇ ਪੰਜਵੇਂ ਨੰਬਰ ’ਤੇ ਰਹੇ। ਨੀਟੂ ਸ਼ਟਰਾਂ ਵਾਲਾ 464 ਵੋਟਾਂ ਨਾਲ 8ਵੇਂ ਸਥਾਨ ’ਤੇ ਹੈ। ‘ਆਪ’ ਵਰਕਰਾਂ ਤੇ ਸਮਰਥਕਾਂ ਨੇ 14ਵੇਂ ਗੇੜ ਦੀ ਗਿਣਤੀ ਮਗਰੋਂ ਹੀ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਮਾਈ ਭਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ, ਪਿੱਦੀ (ਤਰਨ ਤਾਰਨ) ਵਿਚ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਮੰਗਲਵਾਰ ਨੂੰ ਹੋਈ ਪੋਲਿੰਗ ਦੌਰਾਨ ਇਸ ਹਲਕੇ ਵਿੱਚ 60.95 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਵੋਟਾਂ ਦੀ ਗਿਣਤੀ 16 ਗੇੜਾਂ ਵਿੱਚ ਪੂਰੀ ਹੋਈ।
ਤਰਨ ਤਾਰਨ ਵਿਧਾਨ ਸਭਾ ਸੀਟ ਬੀਤੀ ਜੂਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਮਾਰਚ 2022 ਤੋਂ ਬਾਅਦ ਪੰਜਾਬ ਵਿੱਚ ਵਿਧਾਨ ਸਭਾ ਦੀ ਇਹ ਸੱਤਵੀਂ ਜ਼ਿਮਨੀ ਚੋਣ ਹੈ। ਸੱਤਾਧਾਰੀ ‘ਆਪ’ ਨੇ ਹੁਣ ਤੱਕ ਛੇ ਸੀਟਾਂ ਲਈ ਹੋਈ ਜ਼ਿਮਨੀ ਚੋਣ ਵਿਚ ਪੰਜ ਵਿਚ ਜਿੱਤ ਦਰਜ ਕੀਤੀ ਹੈ। ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਆਗੂਆਂ ਲਈ ਵੱਡੀ ਅਜ਼ਮਾਇਸ਼ ਵਜੋਂ ਦੇਖਿਆ ਜਾ ਰਿਹਾ ਸੀ, ਜਿਨ੍ਹਾਂ ਇਸ ਸੀਟ ਨੂੰ ਬਰਕਰਾਰ ਰੱਖਣ ਲਈ ਹਮਲਾਵਰ ਢੰਗ ਨਾਲ ਪ੍ਰਚਾਰ ਕੀਤਾ।
ਨਤੀਜੇ ਤੋਂ ਸਰਹੱਦੀ ਹਲਕੇ ਵਿੱਚ ‘ਆਪ’ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਪ੍ਰਤੀ ਵੋਟਰਾਂ ਦੀ ਭਾਵਨਾ ਦਾ ਸੰਕੇਤ ਵੀ ਮਿਲਦਾ ਹੈ। ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਜੁਲਾਈ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਸਨ। ਸੰਧੂ 2002 ਵਿੱਚ ਆਜ਼ਾਦ ਉਮੀਦਵਾਰ ਵਜੋਂ ਅਤੇ 2007 ਅਤੇ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੁਣੇ ਗਏ ਸਨ। ਉਹ 2017 ਅਤੇ 2022 ਵਿੱਚ ਸੀਟ ਹਾਰ ਗਏ ਸਨ। ਸੂਬੇ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਨੇ ਤਰਨ ਤਾਰਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ ਸੀ, ਪਰੰਤੂ ਉਹ ਪੰਜਵੇਂ ਸਥਾਨ ’ਤੇ ਰਿਹਾ ਤੇ ਉਸ ਦੀ ਜ਼ਮਾਨਤ ਜ਼ਬਤ ਹੋ ਗਈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਸੀਨੀਅਰ ਆਗੂਆਂ ਨੇ ਚੋਣ ਮੁਹਿੰਮ ਵਿੱਚ ਹਿੱਸਾ ਲਿਆ ਸੀ, ਪਰ ਪਾਰਟੀ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ।