ਭਾਜਪਾ ਸੱਤਾ ਵਿੱਚ ਬਣੇ ਰਹਿਣ ਲਈ ਹਰ ਗੁਨਾਹ ਕਰ ਸਕਦੀ ਹੈ। ਈ ਡੀ, ਸੀ ਬੀ ਆਈ ਦੇ ਡੰਡੇ ਤੇ ਕਾਰਪੋਰੇਟਾਂ ਦੇ ਧਨ ਦੇ ਸਹਾਰੇ ਭਾਜਪਾ ਨੇ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਚੁਣੇ ਵਿਧਾਇਕਾਂ ਤੇ ਸਾਂਸਦਾਂ ਨੂੰ ਮੰਡੀ ਦਾ ਮਾਲ ਬਣਾਇਆ ਹੈ, ਇਸ ਨੇ ਦਲ-ਬਦਲ ਵਿਰੋਧੀ ਕਾਨੂੰਨ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਇਹ ਸਿਲਸਿਲਾ ਜਿਸ ਤਰ੍ਹਾਂ ਰਫ਼ਤਾਰ ਫੜਦਾ ਜਾ ਰਿਹਾ ਹੈ, ਉਸ ਨੇ ਲੋਕਤੰਤਰ ਲਈ ਵੀ ਖ਼ਤਰਾ ਪੈਦਾ ਕਰ ਦਿੱਤਾ ਹੈ।
ਜੇਕਰ ਚਾਲੂ ਮਹੀਨੇ ਦੀ ਹੀ ਗੱਲ ਕਰੀਏ ਤਾਂ ਬਿਹਾਰ ਵਿੱਚ ਨਿਤੀਸ਼ ਕੁਮਾਰ ਵੱਲੋਂ ਪਾਲਾ ਬਦਲ ਕੇ ਮਹਾਂਗਠਬੰਧਨ ਦੀ ਸਰਕਾਰ ਬਣਾ ਲੈਣ ਤੋਂ ਬਾਅਦ ਭਾਜਪਾ ਨੇ ਪਹਿਲੇ ਹੱਲੇ ਵਿੱਚ ਹੀ ਮਨੀਪੁਰ ਵਿਚਲੇ ਜਨਤਾ ਦਲ (ਯੂ) ਦੇ 5 ਵਿਧਾਇਕਾਂ ਨੂੰ ਦਲ-ਬਦਲੀ ਕਰਾ ਕੇ ਆਪਣੀ ਬੁੱਕਲ ਵਿੱਚ ਲੈ ਲਿਆ ਸੀ।
ਬੀਤੀ ਸੱਤ ਸਤੰਬਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ 5 ਮਹੀਨੇ ਚੱਲਣ ਵਾਲੀ ‘ਭਾਰਤ ਜੋੜੋ’ ਯਾਤਰਾ ਸ਼ੁਰੂ ਕੀਤੀ ਸੀ। ਇਹ ਯਾਤਰਾ, ਜਿਵੇਂ-ਜਿਵੇਂ ਅੱਗੇ ਵਧ ਰਹੀ ਹੈ, ਕਾਫ਼ਲਾ ਵਧਦਾ ਹੀ ਜਾ ਰਿਹਾ ਹੈ। ਭਾਜਪਾ ਨੇ ਸ਼ੁਰੂ ਤੋਂ ਹੀ ਇਸ ਯਾਤਰਾ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਕਦੇ ਰਾਹੁਲ ਗਾਂਧੀ ਦੇ ਵਿਦੇਸ਼ੀ ਮਾਅਰਕੇ ਦੇ ਵਸਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਦੇ ਝੂਠ ਦੇ ਸਹਾਰੇ ਨਿੰਦਾ ਮੁਹਿੰਮ ਚਲਾਈ ਗਈ, ਪਰ ਹਰ ਵਾਰ ਭਾਜਪਾ ਨੂੰ ਮੂੰਹ ਦੀ ਖਾਣੀ ਪਈ। ਕਾਂਗਰਸ ਪਾਰਟੀ ਵੱਲੋਂ ਜਥੇਬੰਦ ਕੀਤੇ ਗਏ ਸੋਸ਼ਲ ਮੀਡੀਆ ਸੈੱਲ ਨੇ ਭਾਜਪਾ ਦੀ ਸੋਸ਼ਲ ਮੀਡੀਆ ਆਰਮੀ ਦੇ ਹਰ ਝੂਠ ਨੂੰ ਬੇਪਰਦ ਕੀਤਾ ਤੇ ਹਮਲਾਵਰ ਮੁਹਿੰਮ ਵੀ ਜਾਰੀ ਰੱਖੀ ਹੋਈ ਹੈ।
ਇਸ ਗੱਲੋਂ ਬੁਖਲਾਈ ਭਾਜਪਾ ਨੇ ਕਾਂਗਰਸ ਦੇ ਗੋਆ ਵਿਚਲੇ 8 ਵਿਧਾਇਕਾਂ ਨੂੰ ਆਪਣੇ ਵਿੱਚ ਸ਼ਾਮਲ ਕਰਕੇ ਗੋਦੀ ਮੀਡੀਆ ਨੂੰ ਕਾਂਗਰਸ ਨੂੰ ਭੰਡਣ-ਛੰਡਣ ਦਾ ਮਸਾਲਾ ਮੁਹੱਈਆ ਕਰਵਾ ਦਿੱਤਾ ਹੈ। ਇਸ ਕਾਰਵਾਈ ਉੱਤੇ ਟਿੱਪਣੀ ਕਰਦਿਆਂ ਕਾਂਗਰਸ ਆਗੂ ਪੀ. ਚਿਦੰਬਰਮ ਨੇ ਕਿਹਾ ਹੈ ਕਿ 2014 ਤੋਂ ਬਾਅਦ ਭਾਰਤੀ ਬਜ਼ਾਰ ਵਿੱਚ ਇੱਕ ਥੋਕ ਖਰੀਦਦਾਰ ਆ ਗਿਆ ਹੈ। ਇੱਕ ਦਿਨ ਇਹ ਥੋਕ ਵਪਾਰੀ ਦੇਸ਼ ਦੇ ਸਾਰੇ ਵਿਧਾਇਕਾਂ ਨੂੰ ਖਰੀਦ ਕੇ ਦੇਸ਼ ਦੇ ਸਭ ਵੋਟਰਾਂ ਦਾ ਮਜ਼ਾਕ ਉਡਾਵੇਗਾ।
ਚਿਦੰਬਰਮ ਨੇ ਕਿਹਾ ਕਿ ਪਾਰਟੀ ਨਵੇਂ ਚਿਹਰਿਆਂ ਤੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਜੇ ਉਹ ਜਿੱਤ ਜਾਂਦੇ ਹਨ ਤਾਂ ਥੋਕ ਵਪਾਰੀ ਕਿਸੇ ਵੀ ਕੀਮਤ ’ਤੇ ਉਨ੍ਹਾਂ ਨੂੰ ਖਰੀਦ ਲੈਂਦਾ ਹੈ ਤਾਂ ਪਾਰਟੀ ਇਸ ਵਿੱਚ ਕੀ ਕਰ ਸਕਦੀ ਹੈ। ਯਾਦ ਰਹੇ ਕਿ ਦਲ-ਬਦਲੀ ਕਰਨ ਵਾਲੇ ਇਨ੍ਹਾਂ ਵਿਧਾਇਕਾਂ ਨੇ ਚੋਣਾਂ ਤੋਂ ਪਹਿਲਾਂ ਆਪਣੇ-ਆਪਣੇ ਧਰਮ ਮੁਤਾਬਕ ਮੰਦਰ, ਚਰਚ ਤੇ ਦਰਗਾਹ ਵਿੱਚ ਜਾ ਕੇ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ 2019 ਵਿੱਚ ਵੀ ਕਾਂਗਰਸ ਦੇ ਗੋਆ ਵਿਚਲੇ 10 ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਇਹੋ ਨਹੀਂ, ਅਜਿਹੇ ਹੀ ਦਲ-ਬਦਲ ਦੇ ਕਾਰੇ ਨੂੰ ਭਾਜਪਾ ਕਰਨਾਟਕ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ ਵੀ ਅੰਜਾਮ ਦੇ ਚੁੱਕੀ ਹੈ। ਪਿੱਛੇ ਜਿਹੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇਹ ਦੋਸ਼ ਲਾਇਆ ਸੀ ਕਿ ਉਸ ਦੇ ਟਿਕਾਣਿਆਂ ’ਤੇ ਮਾਰੇ ਜਾ ਰਹੇ ਈ ਡੀ ਦੇ ਛਾਪਿਆਂ ਨੂੰ ਰੋਕਣ ਲਈ ਉਸ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਹੈ। ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਬੁਲਾ ਕੇ ਦੋਸ਼ ਲਾਇਆ ਹੈ ਕਿ ਭਾਜਪਾ ਵਾਲਿਆਂ ਨੇ ਉਨ੍ਹਾ ਦੇ ਕੁਝ ਵਿਧਾਇਕਾਂ ਨੂੰ ਦਲ-ਬਦਲੀ ਲਈ 25-25 ਕਰੋੜ ਦਾ ਲਾਲਚ ਦਿੱਤਾ ਹੈ। ਉਨ੍ਹਾ ਭਾਜਪਾ ਨੂੰ ਇੱਕ ਸੀਰੀਅਲ ਕਿੱਲਰ ਕਿਹਾ, ਜਿਹੜੀ ‘ਅਪ੍ਰੇਸ਼ਨ ਲੋਟਸ’ ਰਾਹੀਂ ਵਿਰੋਧੀ ਪਾਰਟੀਆਂ ਦੀਆਂ ਚੁਣੀਆਂ ਸਰਕਾਰਾਂ ਨੂੰ ਡੇਗਦੀ ਹੈ। ਇਸ ਸੰਬੰਧੀ ਆਮ ਆਦਮੀ ਪਾਰਟੀ ਵੱਲੋਂ ਡੀ ਜੀ ਪੀ ਪੰਜਾਬ ਨੂੰ ਇੱਕ ਸ਼ਿਕਾਇਤ ਦੇ ਕੇ ਮੰਗ ਕੀਤੀ ਗਈ ਹੈ ਕਿ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ। ‘ਆਪ’ ਵੱਲੋਂ ਲਾਏ ਇਨ੍ਹਾਂ ਦੋਸ਼ਾਂ ਤੋਂ ਬਾਅਦ ਭਾਜਪਾ ਦੇ ਉੱਪਰੋਂ ਲੈ ਕੇ ਥੱਲੇ ਤੱਕ ਦੇ ਆਗੂ ਬੜੇ ਤੜਫੇ ਹਨ। ਭਾਜਪਾ ਆਗੂਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਲੱਖ ਸਫ਼ਾਈਆਂ ਪੇਸ਼ ਕਰੋ, ਸਾਰਾ ਦੇਸ਼ ਜਾਣਦਾ ਹੈ ਕਿ ਦਲ-ਬਦਲੀ ਦੇ ਇਸ ਚਿੱਕੜ ਵਿੱਚ ਤੁਸੀਂ ਪੈਰਾਂ ਤੋਂ ਲੈ ਕੇ ਸਿਰ ਤੱਕ ਲਿੱਬੜ ਚੁੱਕੇ ਹੋ। ਆਮ ਆਦਮੀ ਪਾਰਟੀ ਵੱਲੋਂ ਲਾਏ ਦੋਸ਼ ਕਿੰਨੇ ਸਹੀ ਹਨ ਜਾਂ ਕਿੰਨੇ ਗਲਤ, ਇਹ ਤਾਂ ਸਮਾਂ ਦੱਸੇਗਾ, ਪਰ ਚੋਰ ਨੂੰ ਚੋਰ ਕਹਿਣ ਵਿੱਚ ਹਰਜ ਵੀ ਕੀ ਹੈ।