ਉੱਤਰਾਖੰਡ ਦੇ ਕੁਮਾਊਂ ਖਿੱਤੇ ਦੇ ਪ੍ਰਵੇਸ਼ ਦਵਾਰ ਹਲਦਵਾਨੀ ਵਿੱਚ ਇੱਕ ਅਫਵਾਹ ਦੇ ਚਲਦਿਆਂ 16 ਨਵੰਬਰ ਨੂੰ ਐਸਾ ਜਨੂੰਨ ਭੜਕਿਆ ਕਿ ਭੀੜ ਨੇ ਘੱਟ ਗਿਣਤੀ ਫਿਰਕੇ ਦੀਆਂ ਸੰਪਤੀਆਂ ’ਤੇ ਹਮਲਾ ਬੋਲ ਦਿੱਤਾ ਅਤੇ ਰੈਸਟੋਰੈਂਟ ਤੇ ਦੁਕਾਨਾਂ ਤਬਾਹ ਕਰ ਦਿੱਤੀਆਂ। ਮਾਰੋ-ਮਾਰੋ ਦੇ ਨਾਅਰਿਆਂ ਵਿੱਚ ਕਈ ਗੱਡੀਆਂ ਵੀ ਭੰਨ ਦਿੱਤੀਆਂ। ਬਨਭੂਲਪੁਰਾ ਇਲਾਕੇ ਵਿੱਚ ਇੱਕ ਮੰਦਰ ਕੋਲ ਸਥਿਤ ਸਕੂਲ ਦੇ ਗੇਟ ਅੱਗੇ ਵੱਛੇ ਦਾ ਸਿਰ ਮਿਲਣ ਦੀ ਅਫਵਾਹ ਤੋਂ ਬਾਅਦ ਇਹ ਤਾਂਡਵ ਮਚਾਇਆ ਗਿਆ, ਪਰ ਮੁਢਲੀ ਜਾਂਚ ਵਿੱਚ ਜੋ ਸਾਹਮਣੇ ਆਇਆ, ਉਹ ਸ਼ਰਮਿੰਦਾ ਕਰਨ ਵਾਲਾ ਹੈ। ਪੁਲਸ ਨੇ ਸੀ ਸੀ ਟੀ ਵੀ ਫੁਟੇਜ ਨਾਲ ਪਤਾ ਲਾਇਆ ਕਿ ਜੰਗਲ ਵਿੱਚ ਗਊਆਂ ਨੇ ਬੱਚਾ ਦਿੱਤਾ ਸੀ ਤੇ ਉਸ ਦੀ ਮੌਤ ਹੋ ਗਈ ਸੀ ਅਤੇ ਇੱਕ ਕੁੱਤਾ ਲਾਸ਼ ਖਿੱਚ ਲਿਆਇਆ ਸੀ, ਯਾਨੀ ਇੱਕ ਕੁੱਤਾ ਜਦ ਚਾਹੇ ਉੱਤਰਾਖੰਡ ਵਿੱਚ ਅੱਗ ਲਾ ਸਕਦਾ ਹੈ। ਇਨਸਾਨਾਂ ਵਿੱਚ ਏਨੀ ਬੁੱਧੀ ਵੀ ਨਹੀਂ ਬਚੀ ਕਿ ਜਾਂਚ ਦੀ ਉਡੀਕ ਕਰ ਲੈਣ।
ਕਿਸੇ ਵੀ ਅਫਵਾਹ ’ਤੇ ਭੀੜ ਦਾ ਇਸ ਤਰ੍ਹਾਂ ਭੜਕਣਾ ਕੀ ਸੁਭਾਵਕ ਹੈ ਜਾਂ ਫਿਰ ਸੂਬੇ ’ਚ ਲਗਾਤਾਰ ਫਿਰਕੂ ਧਰੁਵੀਕਰਨ ਬਣਾਏ ਰੱਖਣ ਦੀ ਸਾਜ਼ਿਸ਼ ਹੈ? ਸੂਬੇ ਦੀ ਭਾਜਪਾ ਸਰਕਾਰ ਦੇ ਤਮਾਮ ਮੰਤਰੀ ਤੇ ਆਗੂ ਅਜਿਹੀ ਬਿਆਨਬਾਜ਼ੀ ਕਰਦੇ ਹੀ ਰਹਿੰਦੇ ਹਨ, ਜਿਸ ਨਾਲ ਤਣਾਅ ਵਧੇ। ਉੱਤਰਾਖੰਡ ਵਿੱਚ ਇੱਕ ਭੀੜ ਪੈਦਾ ਕਰ ਦਿੱਤੀ ਗਈ ਹੈ, ਜਿਹੜੀ ਜਦ ਚਾਹੇ ਅਮਨ-ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਲੈਂਦੀ ਹੈ। ਇਹ ਸੰਜੋਗ ਨਹੀਂ ਕਿ ਬੀਤੇ 10 ਸਾਲਾਂ ਤੋਂ ਇਹ ਸੂਬਾ ਫਿਰਕੂ ਘਟਨਾਵਾਂ ਲਈ ਚਰਚਾ ਵਿੱਚ ਹੈ, ਜਿਹੜੀ ਕਿ ਇਸ ਦੀ ਪਛਾਣ ਨਹੀਂ ਸੀ। ਕਿਸੇ ਵੀ ਘਟਨਾ ਨੂੰ ਫਿਰਕੂ ਰੰਗ ਦੇ ਕੇ ਲੋਕਾਂ ਨੂੰ ਭੜਕਾ ਦਿੱਤਾ ਜਾਂਦਾ ਹੈ। 2016 ਦੇ ਅਪ੍ਰੈਲ ਮਹੀਨੇ ਦੇਹਰਾਦੂਨ ਵਿੱਚ ਮਸਜਿਦ ’ਤੇ ਹਮਲਾ ਕੀਤਾ ਗਿਆ ਤੇ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ, ਜਿਸ ਨਾਲ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਦਸੰਬਰ ਵਿੱਚ ਹਿੰਦੂ ਸੰਗਠਨਾਂ ਨੇ ਮੁਸਲਮ ਦੁਕਾਨਦਾਰਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਜੂਨ 2022 ਵਿੱਚ ਹਿੰਦੂ ਕੱਟੜਪੰਥੀਆਂ ਨੇ ਲਵ ਜਿਹਾਦ ਦੇ ਨਾਂਅ ’ਤੇ ਉੱਤਰਕਾਸ਼ੀ ਦੇ ਬੜਕੋਟ ਵਿੱਚ ਮੁਸਲਮਾਨਾਂ ਦੀਆਂ ਦੁਕਾਨਾਂ ਤੋੜ ਦਿੱਤੀਆਂ। ਹਾਲਤ ਕਰਫਿਊ ਤੱਕ ਪੁੱਜ ਗਈ। ਮਈ 2023 ਵਿੱਚ ਉੱਤਰਕਾਸ਼ੀ ਦੇ ਪੁਰੋਲਾ ਵਿੱਚ 14 ਸਾਲ ਦੀ ਕੁੜੀ ਦੇ ਕਥਿਤ ਅਗਵਾ ਦੇ ਮਾਮਲੇ ਵਿੱਚ ਭੀੜ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਸਾੜ ਦਿੱਤੀਆਂ ਤੇ 50 ਪਰਵਾਰਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਫਰਵਰੀ 2024 ਵਿੱਚ ਹਲਦਵਾਨੀ ’ਚ ਨਾਜਾਇਜ਼ ਮਦਰੱਸੇ ’ਤੇ ਬੁਲਡੋਜ਼ਰ ਚਲਾਉਣ ’ਤੇ ਹਿੰਸਾ ਭੜਕੀ ਅਤੇ 6 ਲੋਕ ਮਾਰੇ ਗਏ ਤੇ 150 ਤੋਂ ਵੱਧ ਜ਼ਖਮੀ ਹੋ ਗਏ। ਇਹ ਘਟਨਾਵਾਂ ਦੱਸਦੀਆਂ ਹਨ ਕਿ 2016 ਤੋਂ ਬਾਅਦ ਤੋਂ ਉੱਤਰਾਖੰਡ ਲਗਾਤਾਰ ਫਿਰਕੂ ਹਿੰਸਾ ਦੀ ਲਪੇਟ ਵਿੱਚ ਹੈ। ਸੂਬੇ ਵਿੱਚ ਅਜਿਹੀ ਮਾਨਸਿਕਤਾ ਤਿਆਰ ਕੀਤੀ ਜਾ ਰਹੀ ਹੈ ਕਿ ਜੇ ਅਪਰਾਧੀ ਮੁਸਲਮ ਹੈ ਤਾਂ ਪੂਰੇ ਸਮਾਜ ਖਿਲਾਫ ਗਾਲੀ-ਗਲੋਚ ਕਰੋ ਤੇ ਉਨ੍ਹਾਂ ਨੂੰ ਭੱਜਣ ਲਈ ਮਜਬੂਰ ਕਰ ਦਿਓ। ਕੀ ਇਨ੍ਹਾਂ ਲੋਕਾਂ ਨੇ ਕਦੇ ਆਸਾਰਾਮ ਵਰਗੇ ਬਲਾਤਕਾਰੀਆਂ ਦੇ ਪੈਰੋਕਾਰਾਂ ਨੂੰ ਸੂਬੇ ਵਿੱਚੋਂ ਬਾਹਰ ਜਾਣ ਲਈ ਕਿਹਾ ਹੈ? ਇਨਸਾਨ ਕੋਲ ਇਹ ਸਮਝ ਸੈਂਕੜੇ ਸਾਲਾਂ ਤੋਂ ਹੈ ਕਿ ਵਿਅਕਤੀ ਦੇ ਅਪਰਾਧ ਦੀ ਸਜ਼ਾ ਕਿਸੇ ਭਾਈਚਾਰੇ ਨੂੰ ਨਹੀਂ ਦਿੱਤੀ ਜਾ ਸਕਦੀ, ਪਰ ਅਜਿਹਾ ਕੀ ਹੋਇਆ ਕਿ ਉੱਤਰਾਖੰਡ ਦੇ ਲੋਕਾਂ ਤੋਂ ਸਭਿਅਤਾ ਦੀ ਇਹ ਕਸੌਟੀ ਖੋਹ ਲਈ ਗਈ ਹੈ। ਇਸ ਦੀ ਵਜ੍ਹਾ ਸਿਆਸਤ ਵਿੱਚ ਮਿਲਦੀ ਹੈ, ਜਿਸ ਨੇ ਉੱਤਰਾਖੰਡ ਬਣਾਉਣ ਦੇ ਅੰਦੋਲਨ ਦੇ ਉੱਚ ਆਦਰਸ਼ਾਂ ’ਤੇ ਪਾਣੀ ਫੇਰ ਦਿੱਤਾ ਹੈ। ਉੱਤਰਾਖੰਡ ਸੂਬਾ ਬਣਵਾਉਣ ਦੇ ਅੰਦੋਲਨ ਵਿੱਚ ਹਿੰਦੂ-ਮੁਸਲਮਾਨ ਸਾਰੇ ਸ਼ਾਮਲ ਸਨ। ਉਦੋਂ ਵਾਅਦਾ ਸੀ ਕਿ ਇੱਕ ਅਜਿਹਾ ਸੂਬਾ ਬਣਾਇਆ ਜਾਵੇਗਾ, ਜਿੱਥੋਂ ਪਲਾਇਨ ਨਹੀਂ ਹੋਵੇਗਾ, ਰੁਜ਼ਗਾਰ ਦੇ ਮੌਕੇ ਹੋਣਗੇ, ਜਲ-ਜੰਗਲ-ਜ਼ਮੀਨ ਦੀ ਲੁੱਟ ਰੁਕੇਗੀ ਅਤੇ ਗੰਗਾ ਨੂੰ ਨਿਰਮਲ ਤੇ ਬਿਨਾਂ ਰੋਕ-ਟੋਕ ਦੇ ਵਹਿਣ ਦਿੱਤਾ ਜਾਵੇਗਾ। 2000 ਵਿੱਚ ਵੱਖਰੇ ਸੂਬੇ ਦਾ ਸੁਫਨਾ ਸਾਕਾਰ ਹੋਣ ਤੋਂ ਬਾਅਦ ਕਾਂਗਰਸ ਤੇ ਭਾਜਪਾ ਵਿਚਾਲੇ ਸੱਤਾ ਸੰਘਰਸ਼ ਸ਼ੁਰੂ ਹੋਇਆ ਅਤੇ ਭਾਜਪਾ ਨੇ ਉਹੀ ਪ੍ਰਯੋਗ ਕੀਤਾ, ਜਿਹੜਾ ਉਹ ਪੂਰੇ ਦੇਸ਼ ਵਿੱਚ ਕਰਦੀ ਹੈ। ਦੁਨਿਆਵੀ ਮੁੱਦਿਆਂ ਨੂੰ ਫਿਰਕੂ ਮੁੱਦਿਆਂ ਨਾਲ ਢਕਣਾ। ਮੁਸਲਮਾਨਾਂ ਖਿਲਾਫ ਨਫਰਤ ਫੈਲਾ ਕੇ ਹਿੰਦੂਆਂ ਨੂੰ ਇੱਕਜੁੱਟ ਕਰਨਾ। 2016 ਦੀਆਂ ਘਟਨਾਵਾਂ ਦਾ ਲਾਭ 2017 ਤੇ 2022 ਵਿੱਚ ਭਾਜਪਾ ਨੂੰ ਸੱਤਾਧਾਰੀ ਬਣਨ ਵਿੱਚ ਮਿਲਿਆ।
ਉੱਤਰਾਖੰਡ ਆਦਿ ਸ਼ੰਕਰਾਚਾਰੀਆ ਦੀ ਭੂਮੀ ਹੈ, ਜਿਨ੍ਹਾ ਏਕਤਾ ਦਾ ਸੁਨੇਹਾ ਦਿੱਤਾ, ਨਫਰਤ ਦਾ ਨਹੀਂ। ਸੂਬੇ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੁਸਲਮਾਨਾਂ ਖਿਲਾਫ ਹਿੰਸਾ ਨਾਲ ਉਨ੍ਹਾਂ ਨੂੰ ਕੁਝ ਨਹੀਂ ਮਿਲਣਾ, ਸਗੋਂ ਜਲ-ਜੰਗਲ-ਜ਼ਮੀਨ ਦੇ ਲੁਟੇਰਿਆਂ ਆਪਣੀ ਹਵਸ ਲਈ ਪਹਾੜਾਂ ਨੂੰ ਡਾਇਨਾਮਾਈਟ ਲਾਉਣ ਨੂੰ ਵਿਕਾਸ ਦਾ ਨਾਂਅ ਦੇਣ ਵਾਲਿਆਂ ਅਤੇ ਨਦੀਆਂ ਵਿੱਚੋਂ ਰੇਤਾ ਚੁਰਾਉਣ ਵਾਲੇ ਮਾਫੀਆਂ ਨੇ ਉਨ੍ਹਾਂ ਨੂੰ ਠੱਗ ਕੇ ਲੈ ਜਾਣਾ ਹੈ। ਫਿਰਕੂ ਸਦਭਾਵਨਾ ਨਾਲ ਹੀ ਸੂਬਾ ਤੇ ਲੋਕ ਵਿਕਾਸ ਕਰ ਸਕਦੇ ਹਨ।



