ਨਵੀਂ ਦਿੱਲੀ : ਈ ਡੀ ਨੇ ਦਿੱਲੀ ਦੀ ਆਬਕਾਰੀ ਨੀਤੀ ਵਿਚ ਕਥਿਤ ਬੇਨੇਮੀਆਂ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸੰਬੰਧ ਵਿਚ ਸ਼ੁੱਕਰਵਾਰ ਦੇਸ਼-ਭਰ ਵਿਚ ਕਰੀਬ 40 ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਆਬਕਾਰੀ ਨੀਤੀ ਹੁਣ ਵਾਪਸ ਲੈ ਲਈ ਗਈ ਹੈ। ਸੂਤਰਾਂ ਨੇ ਦੱਸਿਆ ਕਿ ਆਂਧਰਾ, ਕਰਨਾਟਕ, ਤਾਮਿਲਨਾਡੂ ਅਤੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ ਸੀ ਆਰ) ਤੇ ਕੁਝ ਹੋਰ ਸ਼ਹਿਰਾਂ ’ਚ ਸ਼ਰਾਬ ਦੇ ਡੀਲਰਾਂ, ਵਿਤਰਕਾਂ ਅਤੇ ਸਪਲਾਈ ਚੇਨ ਦੇ ਨੈੱਟਵਰਕ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਸੀ ਬੀ ਆਈ ਅਤੇ ਈ ਡੀ ਬੇਕਾਰ ’ਚ ਹਰ ਕਿਸੇ ਨੂੰ ਪ੍ਰੇਸ਼ਾਨ ਕਰ ਰਹੇ ਹਨ ਤੇ ਇਸ ਤਰ੍ਹਾਂ ਦੇਸ਼ ਅੱਗੇ ਨਹੀਂ ਵਧ ਸਕਦਾ। ਪ੍ਰੈੱਸ ਕਾਨਫਰੰਸ ’ਚ ਕੇਜਰੀਵਾਲ ਨੇ ਕਿਹਾ ਕਿ ਉਪ ਰਾਜਪਾਲ, ਸੀ ਬੀ ਆਈ ਅਤੇ ਭਾਜਪਾ ਨੇ ਕਥਿਤ ਸ਼ਰਾਬ ਘਪਲੇ ਬਾਰੇ ਵੱਖ-ਵੱਖ ਰਕਮਾਂ ਦੱਸੀਆਂ ਹਨ, ਪਰ ਉਨ੍ਹਾ ਨੂੰ ਹਾਲੇ ਤੱਕ ਇਹ ਸਮਝ ਨਹੀਂ ਆ ਰਿਹਾ ਕਿ ਸ਼ਰਾਬ ਘਪਲਾ ਕੀ ਹੈ।