‘ਕਸ਼ਮੀਰ ਟਾਈਮਜ਼’ ਦੇ ਦਫਤਰ ’ਤੇ ਛਾਪਾ

0
83

ਜੰਮੂ : ਜੰਮੂ-ਕਸ਼ਮੀਰ ਪੁਲਸ ਦੀ ਸਟੇਟ ਇਨਵੈਸਟੀਗੇਸ਼ਨ ਏਜੰਸੀ (ਐੱਸ ਆਈ ਏ) ਨੇ ਵੀਰਵਾਰ ਨੂੰ ‘ਕਸ਼ਮੀਰ ਟਾਈਮਜ਼’ ਦੇ ਸਥਾਨਕ ਦਫਤਰ ’ਤੇ ਦੇਸ਼-ਵਿਰੋਧੀ ਗਤੀਵਿਧੀਆਂ ਨੂੰ ਕਥਿਤ ਤੌਰ ’ਤੇ ਉਤਸ਼ਾਹਤ ਕਰਨ ਦੇ ਦੋਸ਼ ਵਿੱਚ ਛਾਪਾ ਮਾਰਿਆ ਅਤੇ ਹੋਰ ਚੀਜ਼ਾਂ ਦੇ ਨਾਲ ਏ ਕੇ ਰਾਈਫਲਾਂ ਦੇ ਕਾਰਤੂਸ ਅਤੇ ਪਿਸਤੌਲ ਦੇ ਕੁਝ ਰੌਂਦ ਬਰਾਮਦ ਕੀਤੇ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਕਾਸ਼ਨ ਅਤੇ ਇਸ ਦੇ ਪ੍ਰਮੋਟਰਾਂ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਐੱਸ ਆਈ ਏ ਦੇ ਅਧਿਕਾਰੀਆਂ ਨੇ ਅਖਬਾਰ ਦੇ ਅਹਾਤੇ ਅਤੇ ਕੰਪਿਊਟਰਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਐੱਸ ਆਈ ਏ ਨੇ ਹੋਰ ਵਸਤਾਂ ਦੇ ਨਾਲ ਏ ਕੇ ਰਾਈਫਲਾਂ ਦੇ ਕਾਰਤੂਸ, ਪਿਸਤੌਲ ਦੇ ਕੁਝ ਰੌਂਦ ਅਤੇ ਹੈਂਡ ਗਰਨੇਡ ਦੀਆਂ ਪਿੰਨਾਂ ਜ਼ਬਤ ਕੀਤੀਆਂ।
ਉਨ੍ਹਾਂ ਦੱਸਿਆ ਕਿ ਪ੍ਰਕਾਸ਼ਨ ਦੇ ਪ੍ਰਮੋਟਰਾਂ ਤੋਂ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਛਾਪੇਮਾਰੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਪ ਮੁੱਖ ਮੰਤਰੀ ਸੁਰਿੰਦਰ ਸਿੰਘ ਚੌਧਰੀ ਨੇ ਕਿਹਾ ਕਿ ਕਾਰਵਾਈ ਸਿਰਫ ਉਨ੍ਹਾਂ ਮਾਮਲਿਆਂ ਵਿੱਚ ਹੋਣੀ ਚਾਹੀਦੀ ਹੈ, ਜਿੱਥੇ ਗਲਤ ਕੰਮ ਸਥਾਪਤ ਹੋਵੇ, ਨਾ ਕਿ ਦਬਾਅ ਬਣਾਉਣ ਦੇ ਇਰਾਦੇ ਨਾਲ।
ਚੌਧਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਜੇ ਉਨ੍ਹਾਂ ਕੁਝ ਗਲਤ ਕੀਤਾ ਹੈ, ਤਾਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ… ਜੇ ਤੁਸੀਂ ਇਹ ਸਿਰਫ ਦਬਾਅ (ਬਣਾਉਣ) ਲਈ ਕਰਦੇ ਹੋ, ਤਾਂ ਇਹ ਗਲਤ ਹੋਵੇਗਾ।’
‘ਕਸ਼ਮੀਰ ਟਾਈਮਜ਼’ ਪ੍ਰਬੰਧਨ ਨੇ ਛਾਪਿਆਂ ਦੀ ਸਖਤ ਆਲੋਚਨਾ ਕਰਦਿਆਂ ਸੂਬੇ ਲਈ ਨੁਕਸਾਨਦੇਹ ਗਤੀਵਿਧੀਆਂ ਦੇ ਦੋਸ਼ਾਂ ਨੂੰ ਇੱਕ ਆਜ਼ਾਦ ਮੀਡੀਆ ਸੰਸਥਾ ਨੂੰ ਦਬਾਉਣ ਦੀ ਇੱਕ ਤਾਲਮੇਲ-ਭਰੀ ਕੋਸ਼ਿਸ਼ ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਸੰਪਾਦਕ ਪ੍ਰਬੋਧ ਜਮਵਾਲ ਅਤੇ ਅਨੁਰਾਧਾ ਭਸੀਨ ਨੇ ਕਿਹਾ, ‘ਸਾਡੇ ਜੰਮੂ ਦਫਤਰ ’ਤੇ ਛਾਪੇ ਰਾਜ ਲਈ ਨੁਕਸਾਨਦੇਹ ਗਤੀਵਿਧੀਆਂ ਦੇ ਬੇਬੁਨਿਆਦ ਦੋਸ਼ ਅਤੇ ਕਸ਼ਮੀਰ ਟਾਈਮਜ਼ ’ਤੇ ਤਾਲਮੇਲ ਵਾਲੀ ਕਾਰਵਾਈ ਸਾਨੂੰ ਚੁੱਪ ਕਰਾਉਣ ਦੀ ਇੱਕ ਹੋਰ ਕੋਸ਼ਿਸ਼ ਹੈ।’
ਉਨ੍ਹਾਂ ਕਿਹਾ, ‘ਸਰਕਾਰ ਦੀ ਆਲੋਚਨਾ ਕਰਨਾ ਸੂਬੇ ਲਈ ਨੁਕਸਾਨਦੇਹ ਹੋਣ ਦੇ ਬਰਾਬਰ ਨਹੀਂ। ਅਸਲ ਵਿੱਚ ਇਹ ਬਿਲਕੁਲ ਉਲਟ ਹੈ। ਇੱਕ ਮਜ਼ਬੂਤ ਸਵਾਲ ਕਰਨ ਵਾਲੀ ਪ੍ਰੈੱਸ ਇੱਕ ਸਿਹਤਮੰਦ ਲੋਕਤੰਤਰ ਲਈ ਜ਼ਰੂਰੀ ਹੈ। ਸੱਤਾ ਨੂੰ ਜਵਾਬਦੇਹ ਬਣਾਉਣ, ਭਿ੍ਰਸ਼ਟਾਚਾਰ ਦੀ ਜਾਂਚ ਕਰਨ, ਹਾਸ਼ੀਏ ’ਤੇ ਪਏ ਲੋਕਾਂ ਦੀ ਆਵਾਜ਼ ਨੂੰ ਉੱਚਾ ਚੁੱਕਣ ਦਾ ਸਾਡਾ ਕੰਮ ਸਾਡੇ ਦੇਸ਼ ਨੂੰ ਮਜ਼ਬੂਤ ਕਰਦਾ ਹੈ। ਇਹ ਇਸ ਨੂੰ ਕਮਜ਼ੋਰ ਨਹੀਂ ਕਰਦਾ।’
ਦੋਸ਼ਾਂ ਨੂੰ ਡਰਾਉਣ ਦੀ ਚਾਲ ਕਰਾਰ ਦਿੰਦੇ ਹੋਏ ਸੰਪਾਦਕਾਂ ਨੇ ਕਿਹਾ, ‘ਸਾਡੇ ’ਤੇ ਲਗਾਏ ਗਏ ਦੋਸ਼ ਡਰਾਉਣ, ਗੈਰ-ਕਾਨੂੰਨੀ ਠਹਿਰਾਉਣ ਅਤੇ ਅੰਤ ਵਿੱਚ ਚੁੱਪ ਕਰਾਉਣ ਲਈ ਤਿਆਰ ਕੀਤੇ ਗਏ ਹਨ, ਅਸੀਂ ਚੁੱਪ ਨਹੀਂ ਹੋਵਾਂਗੇ।’