ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ ਪੰਜਾਬ ਨੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਨੂੰ ਸੂਬਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਹੈ। ਇਹ ਐਲਾਨ ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਦੁਆਰਾ ਸਾਂਝੇ ਤੌਰ ’ਤੇ ਜਾਰੀ ਕੀਤੇ ਗਏ ਇੱਕ ਅਧਿਕਾਰਤ ਪੱਤਰ ਰਾਹੀਂ ਕੀਤਾ ਗਿਆ।ਪੰਨੂ ਨੂੰ ਸੂਬੇ ਭਰ ਵਿੱਚ ਪਾਰਟੀ ਦੀ ਮੀਡੀਆ ਅਤੇ ਸੰਚਾਰ ਰਣਨੀਤੀ ਦੇ ਪ੍ਰਬੰਧਨ ਅਤੇ ਮਾਰਗ-ਦਰਸ਼ਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ।
ਜੋ ਵੀ ਕਰ ਸਕਦਾ ਸੀ, ਕਰ ਕੇ ਜਾ ਰਿਹਾਂ : ਚੀਫ ਜਸਟਿਸ
ਨਵੀਂ ਦਿੱਲੀ : ਅਹੁਦਾ ਛੱਡ ਰਹੇ ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਨੇ ਸ਼ੁੱਕਰਵਾਰ ਕਿਹਾ ਕਿ ਉਹ ਇੱਕ ਵਕੀਲ ਅਤੇ ਜੱਜ ਵਜੋਂ ਲਗਭਗ ਚਾਰ ਦਹਾਕਿਆਂ ਦੀ ਆਪਣੀ ਯਾਤਰਾ ਸਮਾਪਤ ਕਰਕੇ ਸੰਸਥਾ ਨੂੰ ਪੂਰੀ ਸੰਤੁਸ਼ਟੀ ਅਤੇ ਤਸੱਲੀ ਨਾਲ ਛੱਡ ਰਹੇ ਹਨ ਅਤੇ ਉਹ ਆਪਣੇ ਆਪ ਨੂੰ ਨਿਆਂ ਦਾ ਵਿਦਿਆਰਥੀ ਮੰਨਦੇ ਹਨ। ਉਨ੍ਹਾ ਆਪਣੇ ਵਿਦਾਇਗੀ ਸਮਾਰੋਹ ਦੌਰਾਨ ਭਾਵੁਕ ਹੁੰਦਿਆਂ ਕਿਹਾ, ‘ਜਦੋਂ ਮੈਂ ਆਖਰੀ ਵਾਰ ਇਸ ਕੋਰਟ ਰੂਮ ਵਿੱਚੋਂ ਨਿਕਲਾਂਗਾ… ਮੈਂ ਇਸ ਦੇਸ਼ ਲਈ ਜੋ ਕੁਝ ਵੀ ਕਰ ਸਕਦਾ ਸੀ, ਉਹ ਕਰਕੇ ਜਾ ਰਿਹਾ ਹਾਂ ਅਤੇ ਮੈਨੂੰ ਪੂਰੀ ਤਸੱਲੀ ਹੈ।’ਉਹ 23 ਨਵੰਬਰ ਆਪਣਾ ਅਹੁਦਾ ਛੱਡਣ ਜਾ ਰਹੇ ਹਨ। ਸ਼ੁੱਕਰਵਾਰ ਉਨ੍ਹਾ ਦਾ ਆਖਰੀ ਕਾਰਜਕਾਰੀ ਦਿਨ ਸੀ।
ਸੁਪਰੀਮ ਕੋਰਟ ਐੱਸ ਆਈ ਆਰ ਵਿਰੁੱਧ ਹੋਰ ਪਟੀਸ਼ਨਾਂ ’ਤੇ ਸੁਣਵਾਈ ਲਈ ਵੀ ਸਹਿਮਤ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਕੇਰਲਾ, ਯੂ ਪੀ ਅਤੇ ਹੋਰ ਰਾਜਾਂ ਵਿੱਚ ਵੋਟਰ ਸੂਚੀਆਂ ਦੀ ਡੂੰਘੀ ਸੁਧਾਈ (ਐੱਸ ਆਈ ਆਰ) ਕਰਵਾਉਣ ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ’ਤੇ ਸੁਣਵਾਈ ਲਈ ਸਹਿਮਤੀ ਦਿੱਤੀ। ਜਸਟਿਸ ਸੂਰੀਆ ਕਾਂਤ, ਜਸਟਿਸ ਐੱਸ ਵੀ ਐੱਨ ਭੱਟੀ ਅਤੇ ਜਸਟਿਸ ਜੋਯਮਾਲਿਆ ਬਾਗਚੀ ਦੀ ਬੈਂਚ ਨੇ ਵੱਖ-ਵੱਖ ਆਧਾਰਾਂ ’ਤੇ ਵੱਖ-ਵੱਖ ਰਾਜਾਂ ਵਿੱਚ ਐੱਸ ਆਈ ਆਰ ਅਭਿਆਸਾਂ ਨੂੰ ਚੁਣੌਤੀ ਦੇਣ ਵਾਲੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਦਾਇਰ ਸਾਰੀਆਂ ਨਵੀਂਆਂ ਪਟੀਸ਼ਨਾਂ ’ਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ। ਸੁਪਰੀਮ ਕੋਰਟ ਪਹਿਲਾਂ ਹੀ ਦੇਸ਼ ਭਰ ਵਿੱਚ ਐੱਸ ਆਈ ਆਰ ਅਭਿਆਸ ਕਰਵਾਉਣ ਦੇ ਚੋਣ ਕਮਿਸ਼ਨ ਦੇ ਫੈਸਲੇ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਹੈ।


