ਨਵੀਂ ਦਿੱਲੀ : ਇੱਥੇ 10ਵੀਂ ਜਮਾਤ ਦੇ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੇ ਪਰਵਾਰ ਅਤੇ ਦੋਸਤਾਂ ਨੇ ਸ਼ੁੱਕਰਵਾਰ ਸੇਂਟ ਕੋਲੰਬਾ ਸਕੂਲ ਦੇ ਬਾਹਰ ਸ਼ੁੱਕਰਵਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕੁਝ ਅਧਿਆਪਕਾਂ ’ਤੇ ਉਸ ਨੂੰ ਮਾਨਸਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਅਤੇ ਅਧਿਕਾਰੀਆਂ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸਕੂਲ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕਰਦਿਆਂ ਸਰਕਾਰ ਨੂੰ ਵਿਦਿਆਰਥੀਆਂ ਲਈ ਮਾਨਸਕ ਸਿਹਤ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕਾਉਂਸਲਰ, ਜਿਸ ਨੂੰ ਮਿ੍ਰਤਕ ਵਿਦਿਆਰਥੀ ਦੇ ਮਾਨਸਿਕ ਸੰਘਰਸ਼ਾਂ ਬਾਰੇ ਪਤਾ ਸੀ, ਨੇ ਪਰਵਾਰ ਨੂੰ ਸੂਚਿਤ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ, ‘ਉਹ ਜਾਣਦੇ ਸਨ ਕਿ ਉਹ ਠੀਕ ਨਹੀਂ ਸੀ, ਫਿਰ ਵੀ ਉਹਨਾਂ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸ ਅਣਗਹਿਲੀ ਨੇ ਉਸ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਕੀਤਾ।’ 10ਵੀਂ ਦੇ ਵਿਦਿਆਰਥੀ ਨੇ ਮੰਗਲਵਾਰ ਬਾਅਦ ਦੁਪਹਿਰ 2.34 ਵਜੇ ਰਾਜੇਂਦਰ ਪਲੇਸ ਮੈਟਰੋ ਸਟੇਸ਼ਨ ਦੇ ਪਲੇਟਫਾਰਮ ਤੋਂ ਛਾਲ ਮਾਰ ਦਿੱਤੀ ਸੀ। ਵਿਦਿਆਰਥੀ ਇੱਕ ਖੁਦਕੁਸ਼ੀ ਨੋਟ ਛੱਡ ਗਿਆ, ਜਿਸ ਵਿੱਚ ਉਸ ਨੇ ਕੁਝ ਅਧਿਆਪਕਾਂ ਦਾ ਨਾਂਅ ਲਿਆ, ਉਨ੍ਹਾਂ ਨੂੰ ਆਪਣੀ ਮਾਨਸਕ ਪ੍ਰੇਸ਼ਾਨੀ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਉਸ ਨੇ ਆਪਣੇ ਅੰਗ ਦਾਨ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ ਸੀ।


