ਓਂਟਾਰੀਓ ’ਚ ਹਜ਼ਾਰਾਂ ਬਿਨੈਕਾਰਾਂ ਦੇ ਪੀ ਆਰ ਦੇ ਸੁਪਨੇ ਚਕਨਾਚੂਰ

0
84

ਵਿਨੀਪੈਗ : ਕੈਨੇਡਾ ਵਿੱਚ ਹਜ਼ਾਰਾਂ ਬਿਨੈਕਾਰਾਂ ਦੇ ਪੀ ਆਰ ਲੈਣ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਓਂਟਾਰੀਓ ਸੂਬੇ ਨੇ ਆਪਣੇ ਸੂਬਾਈ ਨੌਮਿਨੀ ਪ੍ਰੋਗਰਾਮ ਤਹਿਤ ਚਲਦੀ ਸਕਿੱਲਡ ਟਰੇਡਜ਼ ਸਟਰੀਮ ਮੁਅੱਤਲ ਕਰ ਦਿੱਤੀ ਹੈ ਤੇ ਇਸ ਅਧੀਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਹੈ। ਤਕਰੀਬਨ 2600 ਬਿਨੈਕਾਰ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਸਨ।
ਓਂਟਾਰੀਓ ਵਿਧਾਨ ਸਭਾ ਦੇ ਬਾਹਰ ਧਰਨਾ ਦੇ ਰਹੇ ਪੰਜਾਬੀ ਨੌਜਵਾਨਾਂ ਦੀ ਸ਼ਿਕਾਇਤ ਹੈ ਕਿ ਓਂਟਾਰੀਓ ਸਰਕਾਰ ਨੇ ਉਨ੍ਹਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਇਕਪਾਸੜ ਤੌਰ ’ਤੇ ਅਰਜ਼ੀਆਂ ਰੱਦ ਕਰ ਦਿੱਤੀਆਂ। ਇਮੀਗ੍ਰੇਸ਼ਨ ਘੁੰਮਣਘੇਰੀ ਵਿਚ ਫਸੇ ਸੈਂਕੜੇ ਪੰਜਾਬੀ ਨੌਜਵਾਨਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਵਰਕ ਪਰਮਿਟ ਮਿਲਣ ਮਗਰੋਂ ਵਿੰਡਸਰ ਦੀ ਇਕ ਕੰਪਨੀ ’ਚ ਕਾਰਪੈਂਟਰ ਦੀ ਨੌਕਰੀ ਕਰ ਲਈ। ਉਸ ਮੁਤਾਬਕ ਓਂਟਾਰੀਓ ਇਮੀਗਰੇਸ਼ਨ ਨੌਮਿਨੀ ਪ੍ਰੋਗਰਾਮ ਅਧੀਨ ਦਿਲਚਸਪੀ ਦਾ ਪ੍ਰਗਟਾਵਾ ਕਰਨ ਮਗਰੋਂ ਕਿਰਤ ਮੰਤਰਾਲੇ ਵੱਲੋਂ ਅਰਜ਼ੀ ਦਾਇਰ ਕਰਨ ਦਾ ਸੱਦਾ ਦਿੱਤਾ ਗਿਆ, ਪਰ ਦੋ ਸਾਲ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰਦਾ ਰਿਹਾ ਅਤੇ ਹੁਣ ਥੋਕ ਦੇ ਭਾਅ ਅਰਜ਼ੀਆਂ ਰੱਦ ਹੋਣ ਦਾ ਫ਼ਰਮਾਨ ਆ ਗਿਆ ਹੈ। ਨੌਜਵਾਨਾਂ ਨੇ ਕੈਨੇਡਾ ਵਿੱਚੋਂ ਕੱਢੇ ਜਾਣ ਤੋਂ ਬਚਣ ਲਈ ਆਰ ਜਾਂ ਪਾਰ ਦਾ ਸੰਘਰਸ਼ ਵਿੱਢ ਦਿੱਤਾ ਹੈ।
ਓਂਟਾਰੀਓ ਵਿਧਾਨ ਸਭਾ ਦੇ ਬਾਹਰ ਲਗਾਤਾਰ ਤੀਜੇ ਦਿਨ ਵੀ ਰੋਸ ਵਿਖਾਵੇ ਵਿਚ ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਅਰਜ਼ੀਆਂ ਉੱਤੇ ਮੁੜ ਵਿਚਾਰ ਕੀਤੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਹੀ ਉਹ ਧਰਨਾ ਖਤਮ ਕਰਨਗੇ। ਠੰਢ ਵਿੱਚ ਖੁੱਲ੍ਹੇ ਅਸਮਾਨ ਹੇਠ ਨਾਅਰੇਬਾਜ਼ੀ ਕਰਦਿਆਂ ਨੌਜਵਾਨਾਂ ਨੇ ਮੰਗ ਕੀਤੀ ਕਿ ਧੋਖਾਧੜੀ ਦੇ ਸਬੂਤ ਪੇਸ਼ ਕੀਤੇ ਜਾਣ। ਮੁਜ਼ਾਹਰੇ ਵਿਚ ਸ਼ਾਮਲ ਸੈਂਕੜੇ ਬਿਨੈਕਾਰ ਇਹੋ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਵੱਲੋਂ ਮੁਹੱਈਆ ਜਾਣਕਾਰੀ ਬਿਲਕੁਲ ਦਰੁਸਤ ਹੈ ਅਤੇ ਸਬੂਤ ਵਜੋਂ ਹਰ ਦਸਤਾਵੇਜ਼ ਪੇਸ਼ ਕਰਨ ਵਾਸਤੇ ਰਾਜ਼ੀ ਹਨ। ਡਗ ਫੋਰਡ ਸਰਕਾਰ ਵਿਰੁੱਧ ਚੱਲ ਰਹੀ ਨਾਅਰੇਬਾਜ਼ੀ ਦੌਰਾਨ ਪੰਜਾਬੀ ਨੌਜਵਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਲਈ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਵੀ ਪੁੱਜੀ। ਇਸੇ ਦੌਰਾਨ ਕਿਰਤ ਮੰਤਰਾਲੇ ਦੇ ਡਾਇਰੈਕਟਰ ਵੱਲੋਂ ਭੇਜੀ ਈਮੇਲ ਵਿੱਚ ਕਿਹਾ ਗਿਆ ਹੈ ਕਿ ਸਾਰੇ ਬਿਨੈਕਾਰਾਂ ਦੀ ਫੀਸ ਵਾਪਸ ਕੀਤੀ ਜਾਵੇਗੀ ਅਤੇ ਯੋਗਤਾ ਸ਼ਰਤਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਮੁੜ ਅਰਜ਼ੀ ਦਾਇਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਹਰ ਸੂਬੇ ਵੱਲੋਂ ਆਪਣਾ ਇਕ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਨੂੰ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸੂੁਬੇ ਇਸ ਨੂੰ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਚਲਾਉਂਦੇ ਹਨ। ਕਿਸੇ ਵੀ ਸੂਬੇ ਵਿੱਚ ਕੰਮ ਕਰਦੇ ਹੋਏ ਬਿਨੈਕਾਰ ਆਪਣੀ ਪੜ੍ਹਾਈ, ਤਜਰਬੇ, ਭਾਸ਼ਾ ਦੀ ਮੁਹਾਰਤ ਅਤੇ ਜੌਬ ਆਫਰ ਆਦਿ ਦੇ ਆਧਾਰ ’ਤੇ ਸੂਬੇ ਨੂੰ ਪੀ ਆਰ ਦੀ ਅਰਜ਼ੀ ਦਿੰਦੇ ਹਨ। ਸੂਬੇ ਵੱਲੋਂ ਪੀ ਐੱਨ ਪੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬਿਨੈਕਾਰ ਫ਼ੈਡਰਲ ਪੱਧਰ ’ਤੇ ਪੀ ਆਰ ਦੀ ਅਰਜ਼ੀ ਦਿੰਦੇ ਹਨ ਅਤੇ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟ ਬਣ ਜਾਂਦੇ ਹਨ।