ਬੀਜਿੰਗ : ਚੀਨ ਇਕ ਵਿਸ਼ਾਲ ਤੈਰਦੇ ਹੋਏ ਸਮੁੰਦਰੀ ਖੋਜ ਪਲੇਟਫਾਰਮ ਦਾ ਨਿਰਮਾਣ ਕਰ ਰਿਹਾ ਹੈ, ਜਿਸ ਨੂੰ ਪ੍ਰਮਾਣੂ ਧਮਾਕੇ ਕਰਕੇ ਲੱਗਣ ਵਾਲੇ ਝਟਕੇ ਤੋਂ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ ਸਮੁੰਦਰੀ ਅਸਰ ਵਾਲੇ ਖੇਤਰ ਵਿਚ ਆਲਮੀ ਮੁਕਾਬਲੇ ਨੂੰ ਨਵਾਂ ਰੂਪ ਦੇ ਸਕਦਾ ਹੈ। ਚੀਨ ਦੀ 14ਵੀਂ ਪੰਜ ਸਾਲਾ ਯੋਜਨਾ ਤਹਿਤ ਕੌਮੀ ਪ੍ਰਮੁੱਖ ਵਿਗਿਆਨਕ ਢਾਂਚਾਗਤ ਪ੍ਰਾਜੈਕਟ ਦੇ ਰੂਪ ਵਿਚ ਸ਼ਾਮਲ ਇਹ ਡੀਪ-ਸੀ ਆਲ ਵੈਦਰ ਰੈਜ਼ੀਡੈਂਟ ਫਲੋਟਿੰਗ ਰਿਸਰਚ ਫੈਸਿਲਟੀ ਵਿਸ਼ਵ ਦਾ ਪਹਿਲਾ ਮੋਬਾਇਲ, ਸਵੈ-ਨਿਰਭਰ ਨਕਲੀ ਟਾਪੂ ਹੋਵੇਗਾ। ਐੱਸ ਸੀ ਐੱਮ ਪੀ. ਕਾਮ ਅਨੁਸਾਰ ਇਹ ਇੱਕ 78,000 ਟਨ ਅੱਧਾ ਪਾਣੀ ਵਿਚ ਡੁੱਬਿਆ ਟਵਿਨ-ਹਲ ਪਲੇਟਫਾਰਮ ਹੈ, ਜੋ ਲੰਮੇ ਸਮੇਂ ਲਈ ਸਮੁੰਦਰ ਵਿੱਚ ਕੰਮ ਕਰਨ ਦੇ ਸਮਰੱਥ ਹੋਵੇਗਾ।
ਸ਼ੰਘਾਈ ਜਿਆਓ ਟੌਂਗ ਯੂਨੀਵਰਸਿਟੀ ਵੱਲੋਂ ਵਿਕਸਤ ਇਸ ਪਲੇਟਫਾਰਮ ਦੀ ਲੰਬਾਈ 138 ਮੀਟਰ, ਚੌੜਾਈ 85 ਮੀਟਰ ਤੇ ਮੁੱਖ ਡੈੱਕ ਦੀ ਉਚਾਈ 45 ਮੀਟਰ ਹੋਵੇਗੀ। ਇਸ ਦੀ ਸਮਰੱਥਾ 238 ਵਿਅਕਤੀਆਂ ਦੀ ਰਹੇਗੀ, ਜੋ 4 ਮਹੀਨੇ ਤੱਕ ਬਿਨਾਂ ਕਿਸੇ ਬਾਹਰੀ ਸਪਲਾਈ ਦੇ ਇਥੇ ਰਹਿ ਸਕਣਗੇ। ਇਸ ਦੀ ਰਫ਼ਤਾਰ 15 ਨੌਟ ਤੱਕ ਰਹੇਗੀ। ਇਹ ਸਮੁੰਦਰ ਦੀ ਸੀ ਸਟੇਟ ਜੀ ਸਥਿਤੀ ਵਿਚ ਸੰਚਾਲਨ ਦੇ ਸਮਰੱਥ ਹੈ। ਇਹ ਕੈਟਾਗਰੀ ਸਮੁੰਦਰੀ ਤੂਫਾਨ ਨੂੰ ਵੀ ਝੱਲਣ ਦੇ ਸਮਰੱਥ ਹੈ। ਹਾਲਾਂ ਕਿ ਇਸ ਨੂੰ ਇਕ ਗੈਰ-ਫੌਜੀ ਪ੍ਰੋਜੈਕਟ ਵਜੋਂ ਦਰਸਾਇਆ ਗਿਆ ਹੈ, ਪਰ ਇਸ ਦੀ ਬਣਤਰ ਵਿੱਚ ਪ੍ਰਮਾਣੂ ਧਮਾਕਿਆਂ ਤੋਂ ਸੁਰੱਖਿਆ ਲਈ ਫੌਜੀ-ਗ੍ਰੇਡ ਤਕਨਾਲੋਜੀ ਸ਼ਾਮਲ ਹੈ। ਪ੍ਰੋਫੈਸਰ ਯਾਂਗ ਡੇਕਿੰਗ ਦੀ ਟੀਮ ਵੱਲੋਂ ਪ੍ਰਕਾਸ਼ਤ ਇੱਕ ਖੋਜ ਪੱਤਰ ਅਨੁਸਾਰ ਸੁਪਰ ਸਟਰਕਚਰ ਦੇ ਹਿੱਸੇ ਦਾ ਮਿਆਰ ਇਸ ਪੱਧਰ ਦਾ ਹੋਵੇਗਾ ਕਿ ਇਨ੍ਹਾਂ ਸੁਰੱਖਿਅਤ ਚੈਂਬਰਾਂ ਵਿਚ ਪਾਵਰ, ਨੈਵੀਗੇਸ਼ਨ ਅਤੇ ਸੰਚਾਰ ਲਈ ਮਹੱਤਵਪੂਰਨ ਪ੍ਰਣਾਲੀਆਂ ਰੱਖੀਆਂ ਜਾਣਗੀਆਂ। ਭਾਰੀ ਸਟੀਲ ਦੀ ਬਜਾਏ ਵਿਗਿਆਨੀਆਂ ਨੇ 60 ਮਿਲੀਮੀਟਰ ਮੋਟਾ ਮੈਟਾਮੈਟੀਰੀਅਲ ਸੈਂਡਵਿਚ ਬਲਕਹੈੱਡ ਵਿਕਸਤ ਕੀਤਾ ਹੈ। ਇਹ ਨਕਾਰਾਤਮਕ ਪੋਇਸਨ ਅਨੁਪਾਤ ਵਾਲੀਆਂ ਨਾਲੀਆਂ ਵਾਲੀਆਂ ਟਿਊਬਾਂ ਤੋਂ ਬਣਿਆ ਹੈ। ਇਹ ਪ੍ਰਮਾਣੂ ਧਮਾਕੇ ਦੀ ਤੀਬਰ ਸ਼ੌਕ ਵੇਵ ਨੂੰ ਹੌਲੀ, ਨਿਯੰਤਰਿਤ ਦਬਾਅ ਵਿੱਚ ਬਦਲਦਾ ਹੈ, ਜਿਸ ਨਾਲ ਢਾਂਚੇ ’ਤੇ ਤਣਾਅ ਘਟ ਜਾਂਦਾ ਹੈ। ਇਸ ਪਲੇਟਫਾਰਮ ਦੇ 2028 ਤੱਕ ਅਮਲ ਵਿਚ ਆਉਣ ਦੀ ਉਮੀਦ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨੂੰ ਇੱਕ ਕਮਾਂਡ ਸੈਂਟਰ, ਲੌਜਿਸਟਿਕਸ ਹੱਬ ਜਾਂ ਨਿਗਰਾਨੀ ਪਲੇਟਫਾਰਮ ਵਜੋਂ ਵੀ ਵਰਤਿਆ ਜਾ ਸਕਦਾ ਹੈ।





