ਨਵੀਂ ਦਿੱਲੀ : ਅਚਾਨਕ ਆਈ ਦੁਖਦਾਈ ਪਰਿਵਾਰਕ ਐਮਰਜੈਂਸੀ ਕਾਰਨ ਭਾਰਤੀ ਕਿ੍ਰਕਟਰ ਸਮਿ੍ਰਤੀ ਮੰਧਾਨਾ ਅਤੇ ਸੰਗੀਤਕਾਰ ਪਲਾਸ਼ ਮੁੱਛਲ ਦੇ ਵਿਆਹ ਸਮਾਰੋਹ ਨੂੰ ਮੁਲਤਵੀ ਕਰ ਦਿੱਤਾ ਗਿਆ। ਸਮਿ੍ਰਤੀ ਮੰਧਾਨਾ ਦੇ ਪਿਤਾ ਸ੍ਰੀਨਿਵਾਸ ਮੰਧਾਨਾ ਨੂੰ ਸਾਂਗਲੀ ਦੇ ਸਮਡੋਲ ਸਥਿਤ ਮੰਧਾਨਾ ਫਾਰਮ ਹਾਊਸ ਵਿਚ ਵਿਆਹ ਦੀਆਂ ਤਿਆਰੀਆਂ ਦੌਰਾਨ ਦਿਲ ਦਾ ਦੌਰਾ ਪਿਆ। ਉਨ੍ਹਾ ਨੂੰ ਤੁਰੰਤ ਸਾਂਗਲੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਇਸ ਸਮੇ ਇਲਾਜ ਅਧੀਨ ਹਨ। ਐਤਵਾਰ ਨੂੰ ਸਮਿ੍ਰਤੀ ਮੰਧਾਨਾ ਦੇ ਮੈਨੇਜਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਐਤਵਾਰ ਸਵੇਰੇ ਜਦੋਂ ਮੰਧਾਨਾ ਦੇ ਪਿਤਾ ਸ੍ਰੀਨਿਵਾਸ ਮੰਧਾਨਾ ਨਾਸ਼ਤਾ ਕਰ ਰਹੇ ਸਨ, ਤਾਂ ਉਨ੍ਹਾ ਦੀ ਸਿਹਤ ਵਿਗੜਨ ਲੱਗੀ। ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਇਸ ਸਮੇਂ ਨਿਗਰਾਨੀ ਹੇਠ ਹਨ। ਉਨ੍ਹਾ ਅੱਗੇ ਕਿਹਾ ਕਿ ਸਮਿ੍ਰਤੀ ਮੰਧਾਨਾ ਨੇ ਫੈਸਲਾ ਕੀਤਾ ਹੈ ਕਿ ਅੱਜ ਹੋਣ ਵਾਲਾ ਵਿਆਹ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।




