ਫਿਰੋਜ਼ਪੁਰ : ਫਿਰੋਜ਼ਪੁਰ ’ਚ ਕੁਝ ਮੁਲਜ਼ਮਾਂ ਵੱਲੋਂ ਬੀਤੀ 15 ਨਵੰਬਰ ਦੀ ਰਾਤ ਨੂੰ ਆਰ ਐੱਸ ਐੱਸ ਆਗੂ ਬਲਦੇਵ ਕਿ੍ਰਸ਼ਨ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਕਤਲ ਕਰ ਕੇ ਫ਼ਰਾਰ ਹੋਏ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਫਿਰੋਜ਼ਪੁਰ ਪੁਲਸ ਨੇ ਲੁਧਿਆਣਾ ਦੀ ਇਕ ਕੁੜੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਐੱਸ ਐੱਚ ਓ ਇੰਸਪੈਕਟਰ ਜਤਿੰਦਰ ਸਿੰਘ ਥਾਣਾ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਨਵੀਨ ਅਰੋੜਾ ਦੇ ਕਤਲ ਕੇਸ ਦੇ ਮੁਲਜ਼ਮਾਂ ਨੂੰ ਫੜਨ ਲਈ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਨੇੜੇ ਪਹੁੰਚੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਨਵੀਨ ਅਰੋੜਾ ਦਾ ਕਤਲ ਕਰ ਕੇ ਮੁਲਜ਼ਮ ਨਛੱਤਰ ਸਿੰਘ ਵਾਸੀ ਤੇਹਿੰਗ, ਜ਼ਿਲ੍ਹਾ ਜਲੰਧਰ ਫਿਰੋਜ਼ਪੁਰ ਸ਼ਹਿਰ ਤੋਂ ਫ਼ਰਾਰ ਹੋ ਗਿਆ ਸੀ। ਨਛੱਤਰ ਸਿੰਘ ਨੂੰ ਗਿ੍ਰਫ਼ਤਾਰੀ ਤੋਂ ਬਚਾਉਣ ਲਈ ਲੁਧਿਆਣਾ ਦੀ ਇਕ ਕੁੜੀ ਭਾਵਨਾ ਨੇ ਮਦਦ ਕਰਦਿਆਂ ਉਸ ਨੂੰ ਪਨਾਹ ਦਿੱਤੀ ਅਤੇ ਪਤਾ ਲੱਗਾ ਹੈ ਕਿ ਹੁਣ ਨਛੱਤਰ ਸਿੰਘ ਉੱਥੋਂ ਵੀ ਫਰਾਰ ਹੋ ਗਿਆ ਹੈ। ਪੁਲਸ ਵੱਲੋਂ ਥਾਣਾ ਸਿਟੀ ’ਚ ਭਾਵਨਾ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।




