ਗੁਹਾਟੀ : ਦੱਖਣੀ ਅਫਰੀਕਾ ਨੇ ਦੂਜੇ ਤੇ ਆਖਰੀ ਟੈਸਟ ਮੈਚ ਦੇ ਪੰਜਵੇਂ ਦਿਨ ਬੁੱਧਵਾਰ ਭਾਰਤ ਨੂੰ 408 ਦੌੜਾਂ ਦੀ ਕਰਾਰੀ ਹਾਰ ਦਿੰਦਿਆਂ ਦੋ ਟੈਸਟ ਮੈਚਾਂ ਦੀ ਲੜੀ ਹੂੰਝ ਲਈ। ਭਾਰਤੀ ਟੀਮ ਦੂਜੀ ਪਾਰੀ ਵਿੱਚ 549 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 140 ਦੌੜਾਂ ’ਤੇ ਆਲ ਆਊਟ ਹੋ ਗਈ। ਰਵਿੰਦਰ ਜਡੇਜਾ 54 ਦੌੜਾਂ ਨਾਲ ਟੌਪ ਸਕੋਰਰ ਰਿਹਾ। ਦੱਖਣੀ ਅਫਰੀਕਾ ਲਈ ਸਿਮੋਰਨ ਹਾਰਮਰ ਨੇ 37 ਦੌੜਾਂ ਬਦਲੇ 6 ਵਿਕਟ ਲਏ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿੱਚ 489 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਭਾਰਤੀ ਟੀਮ 201 ਦੌੜਾਂ ’ਤੇ ਆਲ ਆਊਟ ਹੋ ਗਈ।
ਵਿਦਿਆਰਥੀ ਭਾਜਪਾ ਦੇ ਦਫਤਰ ਘੇਰਨਗੇ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਨੇਟ ਚੋਣਾਂ ਦਾ ਐਲਾਨ ਨਾ ਕਰਨ ’ਤੇ ਬੁੱਧਵਾਰ ਪੰਜਾਬ-ਚੰਡੀਗੜ੍ਹ ਬਚਾਓ ਮੋਰਚਾ ਦੇ ਮੈਂਬਰ ਮਨਕੀਰਤ ਸਿੰਘ ਮਾਨ ਅਤੇ ਰਣਬੀਰ ਸਿੰਘ ਢਿੱਲੋਂ ਨੇ ਕਿਹਾ ਕਿ 3 ਦਸੰਬਰ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਸਾਰੇ ਭਾਜਪਾ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਮੋਰਚੇ ਨੇ ਪਹਿਲਾਂ ਯੂਨੀਵਰਸਿਟੀ ਬੰਦ ਦਾ ਐਲਾਨ ਕੀਤਾ ਸੀ, ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਹਿਲਾਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਅਤੇ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਸਨ।
ਬਰੈਂਪਟਨ ’ਚ ਸੜ ਕੇ ਮਰਨ ਵਾਲੇ ਪੰਜ ਜੀਅ ਪਿੰਡ ਗੁਰਮ ਦੇ ਸਨ
ਮੰਡੀ ਅਹਿਮਦਗੜ੍ਹ : ਕੈਨੇਡਾ ਦੇ ਬਰੈਂਪਟਨ ਸਥਿਤ ਘਰ ਨੂੰ ਅੱਗ ਲੱਗਣ ਨਾਲ ਮਰਨ ਵਾਲੇ ਪੰਜ ਜੀਅ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਰਮ ਦੇ ਕਿਸਾਨ ਪਰਵਾਰ ਦੇ ਸਨ। ਮਿ੍ਰਤਕਾਂ ਵਿੱਚ ਇੱਕ ਅਣਜੰਮਿਆ ਬੱਚਾ ਵੀ ਸੀ, ਜਿਸ ਦੀ ਮਾਂ ਨੇ ਹੋਰਨਾਂ ਮੈਂਬਰਾਂ ਸਮੇਤ ਤੀਸਰੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਸੀ। ਭਾਵੇਂ ਘਟਨਾ ਬੀਤੇ ਵੀਰਵਾਰ ਦੀ ਰਾਤ ਦੀ ਹੈ, ਪਰ ਕੈਨੇਡਾ ਪੁਲਸ ਵੱਲੋਂ ਐਤਵਾਰ ਤੱਕ ਪਰਵਾਰ ਦੀ ਸ਼ਨਾਖਤ ਨਹੀਂ ਹੋਈ ਸੀ। ਪਰਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਹੈਪੀ ਸ਼ੰਕਰ ਨੇ ਬਰੈਂਪਟਨ ਰਹਿੰਦੇ ਪੀੜਤ ਪਰਵਾਰ ਦੇ ਮੁਖੀ ਜੁਗਰਾਜ ਸਿੰਘ ਵੱਲੋਂ ਦਿੱਤੀ ਜਾਣਕਾਰੀ ਦੇ ਵੇਰਵੇ ਨਾਲ ਦੱਸਿਆ ਕਿ ਘਟਨਾ ਮੌਕੇ ਸਿਰਫ ਉਹ (ਜੁਗਰਾਜ ) ਬਾਹਰ ਸੀ ਅਤੇ ਇਸ ਦੁਖਾਂਤ ਵਿੱਚ ਉਸ ਦੀ ਸੱਸ ਸਮੇਤ ਤਿੰਨ ਲੜਕੀਆਂ, ਉਸ ਦੀ ਪਤਨੀ ਦੇ ਚਚੇਰੇ ਭਰਾ ਅਤੇ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ ਸੀ। ਸਾਂਝੇ ਪਰਵਾਰ ਦੇ ਚਾਰ ਮੈਂਬਰ ਗੰਭੀਰ ਜ਼ਖਮੀ ਦੱਸੇ ਗਏ ਹਨ। ਇਹ ਪਰਵਾਰ ਕਈ ਸਾਲ ਪਹਿਲਾਂ ਕੈਨੇਡਾ ਜਾ ਵੱਸਿਆ ਸੀ ਅਤੇ ਕਿਸੇ ਪੰਜਾਬੀ ਵੱਲੋਂ ਖਰੀਦੇ ਮਕਾਨ ਵਿੱਚ ਕਿਰਾਏ ’ਤੇ ਰਹਿੰਦਾ ਸੀ।




